ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਉਨ੍ਹਾਂ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਹੈ। ਬਠਿੰਡਾ ਤੋਂ ਸਾਰੀਆਂ ਪਾਰਟੀਆਂ ਨੇ ਅਪਣੇ ਉਮੀਦਵਾਰ ਐਲਾਨ ਦਿਤੇ ਹਨ, ਜੇਕਰ ਬਲਕੌਰ ਸਿੰਘ ਚੋਣ ਲੜਦੇ ਹਨ ਤਾਂ ਹਲਕੇ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ।
ਸੂਤਰਾਂ ਅਨੁਸਾਰ ਸਿੱਧੂ ਦੇ ਪਿਤਾ ਵਲੋਂ ਅਪਣੀ ਨਾਮਜ਼ਦਗੀ ਦੀ ਫਾਈਲ ਤਿਆਰ ਕਰਵਾਈ ਜਾ ਰਹੀ ਹੈ, ਇਸ ਤੋਂ ਬਾਅਦ ਉਨ੍ਹਾਂ ਵਲੋਂ ਚੋਣ ਲੜਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਬਲਕੌਰ ਸਿੰਘ ਨੇ ਕਦੇ ਵੀ ਸਿਆਸਤ ਜਾਂ ਚੋਣ ਲੜਨ ਤੋਂ ਕਿਨਾਰਾ ਨਹੀਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਮੈਂ ਚੋਣ ਜ਼ਰੂਰ ਲੜਾਂਗਾ। ਉਨ੍ਹਾਂ ਵਲੋਂ ਲਗਾਤਾਰ ਅਪਣੇ ਪੁੱਤ ਦੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ ਵਿਚ ਉਤਾਰਿਆ ਹੈ। ਦੂਜੇ ਪਾਸੇ ਕਾਂਗਰਸ ਨੇ ਜੀਤ ਮੋਹਿੰਦਰ ਸਿੱਧੂ ਨੂੰ ਟਿਕਟ ਦਿਤੀ ਹੈ। ਸੱਤਾ ਧਿਰ ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਇਸ ਸੀਟ ਉਤੇ ਲੱਖਾ ਸਿਧਾਣਾ ਵੀ ਚੋਣ ਲੜ ਰਹੇ ਹਨ। ਜੇਕਰ ਬਲਕੌਰ ਸਿੰਘ ਬਠਿੰਡਾ ਤੋਂ ਆਜ਼ਾਦ ਚੋਣ ਲੜਦੇ ਹਨ ਤਾਂ ਪੰਜਾਬ ਵਿਚ ਬਠਿੰਡਾ ਹੌਟ ਸੀਟ ਬਣ ਸਕਦੀ ਹੈ ਅਤੇ ਮੁਕਾਬਲਾ ਟੱਕਰ ਦਾ ਵੇਖਣ ਨੂੰ ਮਿਲੇਗਾ।
ਸਿੱਧੂ ਮੂਸੇਵਾਲਾ ਨੇ ਵੀ ਮਾਨਸਾ ਤੋਂ ਲੜੀ ਸੀ ਚੋਣ
ਸਿੱਧੂ ਮੂਸੇਵਾਲਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਤੋਂ ਚੋਣ ਲੜੀ ਸੀ। ਉਹ ਮਾਨਸਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ ਪਰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਨੇ ਮੂਸੇਵਾਲਾ ਨੂੰ ਹਰਾ ਦਿਤਾ ਸੀ। ਸਿੱਧੂ ਮੂਸੇਵਾਲਾ ਦੀ ਇਹ ਪਹਿਲੀ ਚੋਣ ਸੀ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਅਪਣੀ ਹਵੇਲੀ ‘ਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਖੁਦ ਰਾਜਨੀਤੀ ‘ਚ ਆਉਣ ਦੀ ਗੱਲ ਕਹੀ ਸੀ।
ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿਤਾ ਗਿਆ ਸੀ। ਉਸ ਨੂੰ ਪੰਜਾਬ ਦੇ 2 ਅਤੇ ਹਰਿਆਣਾ ਦੇ 4 ਸ਼ਾਰਪ ਸੂਟਰਾਂ ਨੇ ਗੋਲੀ ਮਾਰੀ ਸੀ। ਇਸ ਤੋਂ ਬਾਅਦ ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਹੈ। ਉਸ ਨੇ ਮੂਸੇਵਾਲਾ ‘ਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ‘ਚ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ ਸੀ।