
Skip to content

ਪਰਜਾਪਤ ਸਮਾਜ ਦੀ ਰਾਜਨੀਤਿਕ ਭਾਗੀਦਾਰੀ ਵਧਾਉਣ ਲਈ ਦੇਸ਼ ਪੱਧਰੀ ਏਕਤਾ ਦਾ ਸੱਦਾ
ਵੱਖ-ਵੱਖ ਰਾਜਾਂ ਤੋਂ ਪੁੱਜੇ ਨੁਮਾਇੰਦਿਆਂ ਨੇ ਪਰਜਾਪਤ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਦੀ ਮੀਟਿੰਗ ਵਿੱਚ ਕੀਤੀ ਸ਼ਮੂਲੀਅਤ
ਪਰਜਾਪਤ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਵੱਲੋਂ ਪਰਜਾਪਤ ਸਮਾਜ ਦੀ ਏਕਤਾ, ਸੰਗਠਨ ਅਤੇ ਰਾਜਨੀਤਿਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਅਹਿਮ ਮੀਟਿੰਗ ਕਰਵਾਈ ਗਈ। ਇਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੁੱਜੇ ਸਮਾਜ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਦਿਆਂ ਸਮਾਜ ਦੇ ਭਵਿੱਖ, ਸੰਗਠਨ ਦੇ ਵਿਸਥਾਰ ਅਤੇ ਰਾਜਨੀਤਿਕ ਸਸ਼ਕਤੀਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਇਕੱਠ ਸਿਰਫ਼ ਇੱਕ ਮੀਟਿੰਗ ਨਹੀਂ, ਸਗੋਂ ਪਰਜਾਪਤ ਸਮਾਜ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵੱਲ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਪਰਜਾਪਤ ਸਮਾਜ ਨੇ ਹਮੇਸ਼ਾ ਮਿਹਨਤ, ਇਮਾਨਦਾਰੀ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਫ਼ੈਸਲੇ ਕਰਨ ਵਾਲੀਆਂ ਸੰਸਥਾਵਾਂ ਅਤੇ ਰਾਜਨੀਤਿਕ ਮੰਚਾਂ ‘ਤੇ ਵੀ ਆਪਣੀ ਮਜ਼ਬੂਤ ਨੁਮਾਇੰਦਗੀ ਯਕੀਨੀ ਬਣਾਵੇ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਅਤੇ ਹੋਰ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਮਾਜ ਨੂੰ ਅੱਜ ਤੋਂ ਹੀ ਯੋਜਨਾਬੱਧ ਢੰਗ ਨਾਲ ਸੰਗਠਿਤ ਹੋਣਾ ਪਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਸਮਾਜ ਦੇ ਪੜ੍ਹੇ-ਲਿਖੇ, ਯੋਗ ਅਤੇ ਸਮਾਜ ਸੇਵਾ ਨਾਲ ਜੁੜੇ ਉਮੀਦਵਾਰਾਂ ਨੂੰ ਟਿਕਟਾਂ ਦਿਵਾਉਣ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਬਲਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਅਸਲ ਤਾਕਤ ਉਸਦੀ ਗਿਣਤੀ ਨਹੀਂ, ਸਗੋਂ ਉਸਦੀ ਏਕਤਾ, ਸੰਗਠਨ, ਸਿੱਖਿਆ, ਆਰਥਿਕ ਮਜ਼ਬੂਤੀ ਅਤੇ ਰਾਜਨੀਤਿਕ ਭਾਗੀਦਾਰੀ ਹੁੰਦੀ ਹੈ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਾਜ ਦੇ ਹਿੱਤਾਂ ਨੂੰ ਪਹਿਲ ਦੇਣ, ਨੌਜਵਾਨਾਂ ਨੂੰ ਲੀਡਰਸ਼ਿਪ ਲਈ ਤਿਆਰ ਕਰਨ, ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਅਤੇ ਬੂਥ ਪੱਧਰ ਤੱਕ ਮਜ਼ਬੂਤ ਸੰਗਠਨ ਖੜ੍ਹਾ ਕਰਨ ਦਾ ਸੱਦਾ ਦਿੱਤਾ।
ਮੀਟਿੰਗ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਪਰਜਾਪਤ ਸਮਾਜ ਦੀ ਏਕਤਾ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਕਰਾਰ ਦਿੱਤਾ। ਸਾਰੇ ਮੈਂਬਰਾਂ ਨੇ ਇੱਕ ਸੁਰ ਵਿੱਚ ਸੰਕਲਪ ਲਿਆ ਕਿ ਸਮਾਜ ਦੇ ਹਿੱਤਾਂ ਲਈ ਮਿਲ ਕੇ ਕੰਮ ਕੀਤਾ ਜਾਵੇਗਾ ਅਤੇ ਹਰ ਖੇਤਰ ਵਿੱਚ ਪਰਜਾਪਤ ਸਮਾਜ ਦੀ ਨੁਮਾਇੰਦਗੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ।
ਇਸ ਮੌਕੇ ਲੱਖਾ ਸਿੰਘ, ਸਰਦਾਰ ਬਹਾਦਰ ਸਿੰਘ (ਸਰਪੰਚ, ਸੰਗਤਪੁਰ), ਸਰਦਾਰ ਸਵਿੰਦਰ ਸਿੰਘ, ਅਜੀਤ ਸਿੰਘ ਭੈਣੀ, ਜਸਪਾਲ ਸਿੰਘ, ਸਰਦਾਰ ਅਮਰਜੀਤ ਸਿੰਘ ਸਮੇਤ ਵੱਖ-ਵੱਖ ਸੂਬਿਆਂ ਤੋਂ ਆਏ ਸਮਾਜ ਦੇ ਪ੍ਰਮੁੱਖ ਆਗੂ ਅਤੇ ਨੁਮਾਇੰਦੇ ਹਾਜ਼ਰ ਸਨ।
ਮੀਟਿੰਗ ਦੇ ਅੰਤ ਵਿੱਚ ਸਾਰੇ ਹਾਜ਼ਰੀਨ ਨੇ “ਸੰਗਠਨ ਸਾਡੀ ਤਾਕਤ ਹੈ, ਏਕਤਾ ਸਾਡੀ ਪਹਿਚਾਣ ਹੈ ਅਤੇ ਸਮਾਜ ਦੀ ਤਰੱਕੀ ਹੀ ਸਾਡਾ ਸਭ ਤੋਂ ਵੱਡਾ ਮਕਸਦ ਹੈ” ਦਾ ਸੰਦੇਸ਼ ਦਿੰਦਿਆਂ ਪਰਜਾਪਤ ਸਮਾਜ ਦੀ ਤਰੱਕੀ ਅਤੇ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ।

Related