ਜਲੰਧਰ,(ਵਿੱਕੀ ਸੂਰੀ)- ਸ਼ਹਿਰ ਦੇ ਬਸਤੀ ਸ਼ੇਖ ਵਿਚ ਪੈਂਦੇ ਉਜਾਲਾ ਨਗਰ ਰੋਡ ਉਤੇ ਅੱਜ ਇਕ ਦੁਕਾਨਦਾਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਇਕ ਅਣਪਛਾਤੇ ਨੌਜਵਾਨ ਵਲੋਂ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਕਾਨਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਇਕ ਅਣਪਛਾਤਾ ਨੌਜਵਾਨ ਉਨ੍ਹਾਂ ਦੀ ਦੁਕਾਨ ’ਤੇ ਆਇਆ ਅਤੇ ਕਹਿਣ ਲੱਗਾ ਕਿ ਕੁਝ ਵਿਅਕਤੀ ਉਸ ਨੂੰ ਮਾਰਨ ਲਈ ਉਸਦੇ ਪਿੱਛੇ ਪਏ ਹਨ ਅਤੇ ਉਹ ਮੇਰੇ ਕੋਲ ਖੁਦ ਨੂੰ ਬਚਾਉਣ ਦੀ ਅਪੀਲ ਕਰਨ ਲੱਗਾ।

    ਦੁਕਾਨਦਾਰ ਸੁਦੇਸ਼ ਕੁਮਾਰ

    ਇਸ ਦੌਰਾਨ ਜਦੋਂ ਮੈਨੂੰ ਉਸ ਨੌਜਵਾਨ ’ਤੇ ਸ਼ੱਕ ਹੋਇਆ ਤਾਂ ਉਸਨੇ ਤੁਰੰਤ ਮੇਰੀਆਂ ਅੱਖਾਂ ’ਚ ਮਿਰਚਾਂ ਪਾ ਦਿੱਤੀਆਂ ਅਤੇ ਮੇਰੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ। ਮੈਂ ਤੁਰੰਤ ਰੌਲਾ ਪਾਇਆ ਤਾਂ ਨੇੜਲੇ ਦੁਕਾਨਦਾਰ ਇਕੱਠੇ ਹੋਏ, ਜਿਨ੍ਹਾਂ ਨੇ ਮੇਰੀਆਂ ਅੱਖਾਂ ’ਚ ਪਾਣੀ ਪਾ ਕੇ ਮੇਰੀਆਂ ਅੱਖਾਂ ਸਾਫ ਕੀਤੀਆਂ ਅਤੇ ਤੁਰੰਤ ਹੀ ਅਸੀਂ ਸਾਰੇ ਜਣੇ ਉਸਦੀ ਭਾਲ ’ਚ ਲੱਗ ਗਏ। ਇਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਇਥੋਂ ਦੇ ਸੀ. ਸੀ.ਟੀ. ਵੀ. ਦੀਆਂ ਫੁਟੇਜ ਕਢਵਾਈਆਂ। ਪੁਲਸ ਵਲੋਂ ਨੌਜਵਾਨ ਦੀ ਭਾਲ ਜਾਰੀ ਹੈ।