ਜਲੰਧਰ,(ਵਿੱਕੀ ਸੂਰੀ)- ਬਸਤੀ ਸ਼ੇਖ ਦੁਸ਼ਹਿਰਾ ਗਰਾਊਂਡ ਕੋਲ ਕੂੜੇ ਵਾਲੇ ਡੰਪ ਸਾਹਮਣੇ ਅੱਜ ਕਾਰਪੋਰੇਸ਼ਨ ਦੇ ਟਰੱਕ ਤੇ ਇਕ ਕਾਰ ਦੀ ਆਪਸ ’ਚ ਟੱਕਰ ਹੋ ਗਈ। ਇਸ ਦੌਰਾਨ ਕਾਰ ਸਵਾਰ ਤੇ ਟਰੱਕ ਦੇ ਡਰਾਈਵਰ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ।

    ਕਾਰ ਸਵਾਰ ਨੇ ਦੱਸਿਆ ਕਿ ਦੁਸ਼ਹਿਰਾ ਗਰਾਊਂਡ ਕੂੜੇ ਵਾਲੇ ਡੰਪ ਨੇੜੇ ਟਰੱਕ ਡਰਾਈਵਰ ਬਿਨਾਂ ਕੰਡਕਟਰ ਤੋਂ ਉਸ ਨੂੰ ਬੈਕ ਕਰ ਰਿਹਾ ਸੀ, ਜਿਸ ਦੌਰਾਨ ਉਸ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਨੁਕਸਾਨੀ ਗਈ, ਹਾਲਾਂਕਿ ਕਾਰ ’ਚ ਬੈਠੇ ਮੇਰੇ ਪਰਿਵਾਰਕ ਮੈਂਬਰ ਅਤੇ ਮੇਰਾ ਬਚਾਅ ਹੋ ਗਿਆ।


    ਉਥੇ ਹੀ ਦੂਜੇ ਪਾਸੇ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਕਾਰ ਸਵਾਰ ਆਪਣੀ ਕਾਰ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਦੌਰਾਨ ਅਚਾਨਕ ਕਾਰ ਟਰੱਕ ਨਾਲ ਟਕਰਾ ਗਈ, ਹਾਲਾਂਕਿ ਮੇਰੇ ਸਾਥੀ ਕੰਡਕਟਰ ਵਲੋਂ ਟਰੱਕ ਨੂੰ ਬੈਕ ਕਰਵਾਇਆ ਜਾ ਰਿਹਾ ਸੀ। ਟਰੱਕ ਡਰਾਈਵਰ ਨੇ ਕਾਰ ਸਵਾਰ ਔਰਤ ਉਤੇ ਦੋਸ਼ ਲਾਇਆ ਕਿ ਉਸ ਨੇ ਉਸ ਦੇ ਥੱਪੜ ਮਾਰਿਆ ਹੈ।


    ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਪਹੁੰਚ ਕੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਉਨਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।