ਬਟਾਲਾ (ਅਰਸ਼ਦੀਪ ਸਿੰਘ ਕਾਲੜਾ)  :- ਬਟਾਲਾ–ਕਾਦੀਆਂ ਰੇਲਵੇ ਲਾਈਨ ‘ਤੇ ਠੰਡੀ ਖੂਹੀ ਪੁਲ ਨੇੜੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪੁਲਿਸ ਹਿਰਾਸਤ ਵਿੱਚ ਲਿਆਂਦੇ ਗਏ ਇੱਕ ਨੌਜਵਾਨ ਨੇ ਕਥਿਤ ਤੌਰ ‘ਤੇ ਨਿਸ਼ਾਨਦੇਹੀ ਦੌਰਾਨ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਸਵੈ-ਰੱਖਿਆ ਵਿੱਚ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਇੱਕ ਗੋਲੀ ਨੌਜਵਾਨ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਦਾਖ਼ਲ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਗ੍ਰੰਥੀਆਂ ਦੇ ਇੰਚਾਰਜ ਐੱਸ.ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਸਿਟੀ ਥਾਣਾ ਬਟਾਲਾ ਦੇ ਮੁਖੀ ਇੰਸਪੈਕਟਰ ਇਕਬਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਹਿਰਾਸਤ ਵਿੱਚ ਲਏ ਗਏ ਰਵਪ੍ਰੀਤ ਸਿੰਘ ਉਰਫ਼ ਰਵੀ ਪੁੱਤਰ ਸੰਤੋਖ ਸਿੰਘ ਵਾਸੀ ਨਵੀਂ ਆਬਾਦੀ, ਬਟਾਲਾ ਨੂੰ ਨਿਸ਼ਾਨਦੇਹੀ ਲਈ ਬਟਾਲਾ–ਕਾਦੀਆਂ ਰੋਡ ‘ਤੇ ਹਿੰਦ ਧਾਰੀਵਾਲ ਨੇੜੇ ਨਹਿਰ ਵਾਲੇ ਪੁਲ ਕੋਲ ਲੈ ਕੇ ਗਈ ਸੀ।

ਪੁਲਿਸ ਅਨੁਸਾਰ ਨਿਸ਼ਾਨਦੇਹੀ ਦੌਰਾਨ ਰਵਪ੍ਰੀਤ ਸਿੰਘ ਨੇ ਅਚਾਨਕ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਬਟਾਲਾ ਦੇ ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ, ਡੀ.ਐੱਸ.ਪੀ. ਸਿਟੀ ਸੁਖਇੰਦਰ ਸਿੰਘ ਕਾਹਲੋਂ ਅਤੇ ਸੀ.ਆਈ.ਏ. ਸਟਾਫ਼ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਸਬੂਤ ਇਕੱਠੇ ਕੀਤੇ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਚੌਕਸੀ ਵੀ ਵਧਾ ਦਿੱਤੀ ਗਈ ਹੈ।