ਬਠਿੰਡਾ ਦੀ ਸ਼ਰਾਬ ਫੈਕਟਰੀ ਦੇ ਏਥਨੋਲ ਪਲਾਂਟ ‘ਚ ਜ਼ਬਰਦਸਤ ਧਮਾਕਾ, ਭਿਆਨਕ ਅੱਗ ਲੱਗੀ

ਬਠਿੰਡਾ/ਡੱਬਵਾਲੀ: ਬਠਿੰਡਾ-ਡੱਬਵਾਲੀ ਮੁੱਖ ਮਾਰਗ ‘ਤੇ ਸਥਿਤ ਬਠਿੰਡਾ ਕੈਮੀਕਲ ਲਿਮਟਿਡ ਕੰਪਨੀ ਦੇ ਏਥਨੋਲ ਪਲਾਂਟ ਵਿੱਚ ਅੱਜ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਧਮਾਕਾ ਇੰਨਾ ਤੀਬਰ ਸੀ ਕਿ ਇਸ ਦੀ ਆਵਾਜ਼ ਨੇੜਲੇ ਕਈ ਪਿੰਡਾਂ ਤੱਕ ਸੁਣਾਈ ਦਿੱਤੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਅਨੁਸਾਰ ਧਮਾਕੇ ਤੋਂ ਤੁਰੰਤ ਬਾਅਦ ਪਲਾਂਟ ਦੇ ਅੰਦਰ ਅੱਗ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ। ਅਜੇ ਤੱਕ ਧਮਾਕੇ ਦੇ ਕਾਰਨਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ।

ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜਾਨੀ ਨੁਕਸਾਨ ਬਾਰੇ ਕੋਈ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।