ਕਪੂਰਥਲਾ(ਗੋਰਵ ਮੜੀਆ) : ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਮਵਾਰ ਸ਼ਾਮ ਨੂੰ ਕਪੂਰਥਲਾ ਸਥਿਤ ਬੀਡੀਪੀਓ ਦਫ਼ਤਰ ‘ਚ ਛਾਪਾ ਮਾਰਿਆ ਤੇ ਸਟਾਫ਼ ਦੀ ਗਿਣਤੀ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਮੰਤਰੀ ਧਾਲੀਵਾਲ ਨੂੰ ਬੀਡੀਪੀਓ ਦਫ਼ਤਰ ਬਾਰੇ ਫੇਸਬੁੱਕ ‘ਤੇ ਸ਼ਿਕਾਇਤ ਮਿਲੀ ਸੀ, ਜਿਸ ਦੀ ਛਾਪੇਮਾਰੀ ਨੂੰ ਮੰਤਰੀ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਕੀਤਾ ਗਿਆ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕਪੂਰਥਲਾ ਆਉਣ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮੰਤਰੀ ਦੇ ਫੇਸਬੁੱਕ ਪੇਜ ਰਾਹੀਂ ਬੀਡੀਪੀਓ ਦਫ਼ਤਰ ਕਪੂਰਥਲਾ ਅਚਨਚੇਤ ਪਹੁੰਚਣ ਦੀ ਸੂਚਨਾ ਮਿਲੀ। ਮੰਤਰੀ ਦੀ ਇਸ ਛਾਪੇਮਾਰੀ ਦੌਰਾਨ ਕੋਈ ਵੀ ਉੱਚ ਅਧਿਕਾਰੀ ਹਾਜ਼ਰ ਨਹੀਂ ਸੀ, ਜਿਸ ਬਾਰੇ ਪੰਚਾਇਤ ਸਕੱਤਰ ਵੱਲੋਂ ਮੰਤਰੀ ਨੂੰ ਕਿਸੇ ਹੋਰ ਥਾਂ ‘ਤੇ ਡਿਊਟੀ ‘ਤੇ ਵੱਖ-ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਗੈਰ-ਹਾਜ਼ਰ ਹੋਣ ਤੇ ਅਦਾਲਤ ‘ਚ ਚੱਲ ਰਹੇ ਕੇਸਾਂ ਦੀ ਤਰੀਕ ਬਾਰੇ ਪੁੱਛਿਆ ਗਿਆ।
ਇਸ ਛਾਪੇਮਾਰੀ ਦੌਰਾਨ ਪੰਚਾਇਤ ਅਫ਼ਸਰ ਤੇ ਬੀਡੀਪੀਓ ਸਮੇਤ ਕਈ ਅਧਿਕਾਰੀ ਤੇ ਕਲਰਕ ਗ਼ੈਰਹਾਜ਼ਰ ਮਿਲੇ। ਮੰਤਰੀ ਨੇ ਸਾਰਿਆਂ ਦੇ ਨਾਂ ਨੋਟ ਕਰ ਲਏ ਅਤੇ ਕਾਰਵਾਈ ਦੇ ਹੁਕਮ ਦਿੱਤੇ। ਮੰਤਰੀ ਨੂੰ ਇੱਥੇ ਅਫਸਰਾਂ ਦੀ ਗੈਰਹਾਜ਼ਰੀ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਮਿਲ ਰਹੀਆਂ ਸਨ।