ਧੁੰਦ ਕਾਰਨ ਜਿੱਥੇ ਲੋਕ ਪਰੇਸ਼ਾਨ ਹਨ ਤਾਂ ਚੋਰ ਹੋਰ ਵੀ ਸਤਰਕ ਹੋ ਗਏ ਹਨ। ਆਏ ਦਿਨ ਧੁੰਦ ਦਾ ਫਾਇਦਾ ਚੁੱਕਦਿਆਂ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹਾਲ ਦੇ ਵਿੱਚ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ ਚੋਰ ਕੰਧ ਦਾ ਕੁਝ ਹਿੱਸਾ ਤੋੜ ਕੇ ਪ੍ਰਾਪਰਟੀ ਡੀਲਰ ਦੀ ਦੁਕਾਨ ਤੋਂ ਚੋਰੀ ਕਰਕੇ ਫਰਾਰ ਹੋ ਗਏ। ਗ੍ਰੀਨ ਐਵੀਨਿਊ ਕਾਲਾ ਸਿੰਘਾ ਰੋਡ ਉੱਤੇ ਮੌਜੂਦ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਾਪਰਟੀ ਡੀਲਰ ਵਿੱਕੀ ਹੰਸ ਨੇ ਦੱਸਿਆ ਕਿ ਉਹ ਰਾਤ 8 ਵਜੇ ਦੁਕਾਨ ਬੰਦ ਕਰਕੇ ਚਲਾ ਗਿਆ ਸੀ। ਪਰ ਜਦੋਂ ਉਹ ਸਵੇਰੇ ਉਹ ਦੁਕਾਨ ‘ਤੇ ਆਇਆ ਤਾਂ ਦੇਖਿਆ ਕਿ ਚੋਰ ਦੁਕਾਨ ਦੇ ਨਾਲ ਲੱਗਦੇ ਖਾਲੀ ਪਲਾਟ ਤੋਂ ਕੰਧ ਦਾ ਇੱਕ ਹਿੱਸਾ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਸਨ ਅਤੇ ਸੇਫ ‘ਚੋਂ 1500 ਰੁਪਏ ਲੈ ਕੇ ਫਰਾਰ ਹੋ ਗਏ। ਡੀਲਰ ਦਾ ਕਹਿਣਾ ਹੈ ਇਸ ਵਾਰਦਾਤ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਆਲੇ-ਦੁਆਲੇ ਜ਼ਿਆਦਾ ਪੈਸੇ ਨਹੀਂ ਪਏ ਸਨ ਅਤੇ ਚੋਰ ਐਲ.ਸੀ.ਡੀ. ਜਾਂ ਹੋਰ ਸਾਮਾਨ ਲੈ ਕੇ ਨਹੀਂ ਗਏ।
ਡੀਲਰ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਵੱਡਾ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਸੂਚਨਾ ਥਾਣਾ 5 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਪ੍ਰੇਮਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਸੂਚਨਾ ਮਿਲੀ ਸੀ।
ਜਿਸ ਤੋਂ ਬਾਅਦ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਕੁਝ ਅਣਪਛਾਤੇ ਲੁਟੇਰੇ ਦੁਕਾਨ ਦੇ ਨਾਲ ਲੱਗਦੇ ਖਾਲੀ ਪਲਾਟ ਤੋਂ ਕੰਧ ਤੋੜ ਕੇ ਦੁਕਾਨ ‘ਚ ਦਾਖਲ ਹੋਏ ਅਤੇ ਦੁਕਾਨ ‘ਚੋਂ 1500 ਰੁਪਏ ਲੈ ਕੇ ਫ਼ਰਾਰ ਹੋ ਗਏ | ਏਐਸਆਈ ਨੇ ਦੱਸਿਆ ਕਿ ਡੀਲਰ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।