ਜਲੰਧਰ (ਵਿੱਕੀ ਸੂਰੀ) -ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਵਲੋਂ 2025-26 ਦੇ ਨਵੇਂ ਵਿਦਿਅਕ ਸੈਸ਼ਨ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਅੱਜ ਸਵੇਰੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਮੁੱਖ ਦਰਬਾਰ ਹਾਲ ਵਿਖੇ ਸਜਾਏ ਗਏ ਵਿਸ਼ੇਸ਼ ਦੀਵਾਨ ਵਿਚ ਸਕੂਲ ਦੀ ਪ੍ਰਿੰਸੀਪਲ ਗੁਰਮੀਤ ਕੌਰ ਤੋਂ ਇਲਾਵਾ ਮੈਡਮ ਅਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਅਮਨਪ੍ਰੀਤ, ਨਵਪ੍ਰੀਤ ਕੌਰ, ਅਨੂ ਸ਼ਰਮਾ, ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਉਪਰੰਤ ਸਕੂਲ ਦੀ ਚੜ੍ਹਦੀ ਕਲਾ ਅਤੇ ਨਵੇਂ ਸੈਸ਼ਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਸਕੂਲ ਕਮੇਟੀ ਦੇ ਚੇਅਰਮੈਨ ਸ੍ਰ ਗੁਰਕ੍ਰਿਪਾਲ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਸ਼ਹਿਰ ਦੇ ਬਾਂਕੀ ਸਕੂਲਾਂ ਨਾਲੋਂ ਅੱਧੀ ਤੋਂ ਵੀ ਘੱਟ ਫ਼ੀਸ ਹੋਣ ਦੇ ਬਾਵਜੂਦ ਲੋੜਵੰਦ ਬੱਚਿਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਜਿਸ ਸਕੂਲ ਕੇਵਲ ਸਕੂਲੀ ਵਿੱਦਿਆ ਹੀ ਨਹੀਂ ਸਗੋਂ ਗੁਰਬਾਣੀ ਅਤੇ ਧਾਰਮਿਕ ਤਾਲੀਮ ਵੀ ਦਿੱਤੀ ਜਾਂਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਵਿੱਚ ਵੀ ਲੋੜਵੰਦ ਲੋਕਾਂ ਲਈ ਸੇਵਾ ਭਾਵਨਾ ਪ੍ਰਫੁੱਲਤ ਕੀਤੀ ਜਾ ਸਕੇ। ਗੁਰੂ ਹਰਿਗੋਬਿੰਦ ਹਸਪਤਾਲ ਦੇ ਚੇਅਰਮੈਨ ਸ੍ਰ ਸੁਰਜੀਤ ਸਿੰਘ ਚੀਮਾ, ਸਕੂਲ ਦੇ ਵਾਇਸ ਚੇਅਰਮੈਨ ਐਡਵੋਕੇਟ ਸਤਿੰਦਰਪਾਲ ਸਿੰਘ ਛਾਬੜਾ ਅਤੇ ਅਕਾਲੀ ਰਛਪਾਲ ਸਿੰਘ ਨੇ ਵੀ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਲਈ ਚੰਗੀ ਵਿੱਦਿਆ ਦੀ ਕਾਮਨਾ ਕੀਤੀ। ਸਮਾਪਤੀ ਉਪਰੰਤ ਸਭਨਾਂ ਨੇ ਚਾਹ ਅਤੇ ਮਿਸਠਾਨ ਪ੍ਰਸ਼ਾਦਿ ਛੱਕਿਆ।