ਕੋਟਕਪੂਰਾ(ਰਾਕੇਸ਼ ਕੁਮਾਰ, ਪਰਬੋਧ ਸ਼ਰਮਾ) : ਸਥਾਨਕ ਦਾਣੀ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਦੇ ਹੱਕ ’ਚ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਕਿਸੇ ਵੀ ਵਰਗ ਨੂੰ ਆਪਣੀਆਂ ਮੰਗਾਂ ਮਨਾਉਣ ਲਈ ਅੰਦੋਲਨ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਪਿਛਲੀਆਂ ਸਰਕਾਰਾਂ ਨੇ ਰਲ ਮਿਲ ਕੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਚੋਣਾਂ ਸਮੇਂ ਕੀਤੇ ਵਾਅਦੇ ਕਦੇ ਪੂਰੇ ਨਹੀਂ ਕੀਤੇ, ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼, ਨਸ਼ਾ ਮੁਕਤ ਪੰਜਾਬ, ਬੇਰੁਜ਼ਗਾਰੀ ਦਾ ਖਾਤਮਾ ਅਤੇ ਭੱਤੇ ਸਮੇਤ ਹੋਰ ਅਨੇਕਾਂ ਵਾਅਦੇ ਕੀਤੇ ਸਨ ਪਰ ਕੋਈ ਇਕ ਵਾਅਦਾ ਪੂਰਾ ਨਹੀਂ ਕੀਤਾ। ਹੁਣ ਚੰਨੀ ਸਰਕਾਰ ਨੇ ਵੀ ਆਪਣੇ 100 ਦਿਨ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਹੀ ਕੱਢ ਲਏ ਹਨ, 36 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਵੱਡੇ ਵੱਡੇ ਬੋਰਡ ਲਾ ਕੇ ਐਲਾਨ ਕੀਤੇ ਜਦਕਿ ਇਕ ਵੀ ਕੱਚੇ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਸਗੋਂ ਪਹਿਲਾਂ ਦੀ ਤਰ੍ਹਾਂ ਪਾਣੀ ਦੀਆਂ ਬੁਛਾਰਾਂ ਅਤੇ ਡਾਗਾਂ ਨਾਲ ਕੁੱਟ ਕੇ ਜਬਰ ਕੀਤਾ ਜਾ ਰਿਹਾ ਹੈ।

    ਅਨੇਕਾਂ ਜੱਥੇਬੰਦੀਆਂ ਆਪਣੀਆਂ ਜਾਇਜ਼ ਮੰਗਾਂ ਮਨਾਉਣ ਲਈ ਦਿਨ ਰਾਤ ਦੇ ਧਰਨੇ ’ਤੇ ਬੈਠੀਆਂ ਹੋਈਆਂ ਹਨ। ਪਹਿਲਾਂ ਵਾਂਗ ਹੀ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਹੈ, ਮਾਫ਼ੀਆ ਰਾਜ ਵੀ ਉਵੇਂ ਹੀ ਚੱਲ ਰਿਹਾ ਹੈ। ਅਕਾਲੀਆਂ ਕਾਂਗਰਸੀਆਂ ਨੇ ਰਲ ਮਿਲ ਕੇ ਸਰਕਾਰਾਂ ਬਣਾਈਆਂ ਅਤੇ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰ ਲਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਵੀ ਖੁਸ਼ ਨਹੀਂ ਹਨ। ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ’ਤੇ ਵੀ ਜੰਮ੍ਹ ਕੇ ਨਿਸ਼ਾਨੇ ਸਾਧੇ। ਉਨ੍ਹਾਂ ਲੋਕਾਂ ਦੇ ਭਰਵੇਂ ਇਕੱਠ ਨੂੰ ‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੂੰ ਵੋਟਾਂ ਪਾਕੇ ਜਿਤਾਉਣ ਦੀ ਅਪੀਲ ਵੀ ਕੀਤੀ। ਹਲਕਾ ਵਿਧਾਇਕ ਅਤੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ, 25 ਸੌ ਰੁਪਏ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ, ਹਰ ਪਰਿਵਾਰ ਦੀ 300 ਯੂਨਿਟ ਬਿਜਲੀ ਮੁਆਫ਼ ਅਤੇ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਫ਼ਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ, ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਢਿਲਵਾਂ, ਗਗਨਦੀਪ ਸਿੰਘ ਧਾਲੀਵਾਲ, ਮਿੰਟੂ ਗਿੱਲ ਅਤੇ ਬੱਬੂ ਸਿੱਖਾਂਵਾਲਾ, ਹਰਪਾਲ ਸਿੰਘ ਢਿਲਵਾਂ, ਪੱਪਾ ਸੇਖੋਂ, ਮਨੀ ਧਾਲੀਵਾਲ, ਗੁਰਮੀਤ ਸਿੰਘ ਆਰੇਵਾਲਾ, ਗੁਰਮੇਲ ਸਿੰਘ ਸੰਧੂ ਤੇ ਗੁਰਦੀਪ ਸ਼ਰਮਾ ਬਾਹਮਣਵਾਲਾ,ਸੰਜੀਵ ਕਾਲੜਾ, ਵਿਨੋਦ ਕੁਮਾਰ,ਸਤਪਾਲ ਸ਼ਰਮਾ, ਸੁਖਜਿੰਦਰ ਸਿੰਘ ਢਿਲਵਾਂ, ਸੁਖਵਿੰਦਰ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ’ਚ ਆਗੂ, ਪਾਰਟੀ ਵਰਕਰ ਅਤੇ ਹਲਕਾ ਨਿਵਾਸੀ ਹਾਜ਼ਰ ਸਨ।