Skip to content
ਪੰਚਕੂਲਾ ‘ਚ ਭਾਜਪਾ ਆਗੂ ਦੇ ਦੇਵਰ ‘ਤੇ ਅੱਧੀ ਰਾਤ ਫਾਇਰਿੰਗ, 8 ਗੋਲੀਆਂ ਚਲਾਈਆਂ; ਰੋਹਿਤ ਗੋਦਾਰਾ ਦੇ ਨਾਮ ‘ਤੇ ਆਈ ਕਾਲ
ਹਰਿਆਣਾ ਦੇ ਪੰਚਕੂਲਾ ਵਿੱਚ ਭਾਜਪਾ ਪਾਰਸ਼ਦ ਦੇ ਦੇਵਰ ਰਤਨ ਲੁਬਾਣਾ ‘ਤੇ ਅੱਧੀ ਰਾਤ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ। ਹਮਲਾਵਰਾਂ ਨੇ ਕਰੀਬ 8 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਰਤਨ ਲੁਬਾਣਾ ਦੀ ਬਾਂਹ ‘ਚ ਲੱਗੀ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਤੋਂ ਕੁਝ ਸਮੇਂ ਬਾਅਦ ਰਤਨ ਲੁਬਾਣਾ ਦੇ ਮੋਬਾਈਲ ‘ਤੇ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਰੋਹਿਤ ਗੋਦਾਰਾ ਦੱਸਦਿਆਂ ਪੁੱਛਿਆ ਕਿ ਉਨ੍ਹਾਂ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਹਨ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਘਟਨਾ ਕੈਦ ਹੋਈ ਹੈ।
ਪੁਲਿਸ ਨੇ ਘਟਨਾ ਤੋਂ ਕਰੀਬ ਦੋ ਘੰਟੇ ਬਾਅਦ ਮੁਲਜ਼ਮਾਂ ਦਾ ਪਿੱਛਾ ਕਰਦਿਆਂ ਐਨਕਾਊਂਟਰ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਪੰਜਾਬ ਨਾਲ ਸਬੰਧਤ ਹਨ ਅਤੇ ਪਲਸਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਤਨ ਲੁਬਾਣਾ ਨੂੰ ਪਹਿਲਾਂ ਵੀ ਗੈਂਗਸਟਰ ਰੋਹਿਤ ਗੋਦਾਰਾ ਵੱਲੋਂ ਫਿਰੌਤੀ ਦੀਆਂ ਧਮਕੀਆਂ ਮਿਲੀਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ ਫਿਰੌਤੀ ਨਾ ਦੇਣ ਕਾਰਨ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।
Related