ਕਪੂਰਥਲਾ : ਸੁਖਪਾਲ ਸਿੰਘ ਖਹਿਰਾ ਦੇ ਘਰ ਅੱਜ ਸਵੇਰੇ ਤਣਾਓਪੂਰਨ ਮਾਹੌਲ ਦੇਖਣ ਨੂੰ ਮਿਲਿਆ। ਦਰਅਸਲ, ਭਾਰੀ ਪੁਲਿਸ ਬਲ ਜੇਸੀਬੀ ਮਸ਼ੀਨ ਸਮੇਤ ਉਨ੍ਹਾਂ ਦੇ ਘਰ ਪਹੁੰਚਿਆ।ਮਿਲੀ ਜਾਣਕਾਰੀ ਮੁਤਾਬਕ, ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਘਰ ਨਾਲ ਜੁੜੇ ਕਥਿਤ ਗੈਰ-ਕਾਨੂੰਨੀ ਨਿਰਮਾਣ ਉੱਤੇ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਚਲਾਇਆ ਗਿਆ। ਇਸ ਕਾਰਵਾਈ ਕਾਰਨ ਸਵੇਰੇ-ਸਵੇਰੇ ਰਾਮਗੜ੍ਹ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ। ਪੁਲਿਸ ਨੇ ਘਰ ਦੇ ਕੋਲ ਗਲੀ ਵਿੱਚ ਲਗਾਏ ਗਏ ਗੇਟ ਦਾ ਪਿਲਰ ਢਾਹ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਕਾਰਵਾਈ ਕੀਤੀ ਗਈ, ਉਸ ਸਮੇਂ ਵਿਧਾਇਕ ਖੈਰਾ ਆਪਣੇ ਘਰ ਵਿੱਚ ਹੀ ਮੌਜੂਦ ਸਨ। ਖੈਰਾ ਦੀ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਘਰ ਦੇ ਬਾਹਰ ਇਕੱਠੇ ਹੋ ਗਏ ਅਤੇ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕੀਤੀ।ਇਸ ਦੌਰਾਨ ਸੁਖਪਾਲ ਖੈਰਾ ਨੇ ਪੁਲਿਸ ਟੀਮ ਨੂੰ ਕਿਹਾ ਕਿ ਬਿਨਾਂ ਕਿਸੇ ਕਾਨੂੰਨੀ ਨੋਟਿਸ ਦੇ ਇਸ ਤਰ੍ਹਾਂ ਕਾਰਵਾਈ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਫਿਰ ਸੰਬੰਧਿਤ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਨਾ ਹੀ ਰਾਮਗੜ੍ਹ ਦੇ ਸਰਪੰਚ ਨੂੰ ਕੋਈ ਨੋਟਿਸ ਭੇਜਿਆ ਗਿਆ ਹੈ।ਖੈਰਾ ਨੇ ਇਸਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਦੇ ਗੈਰ-ਕਾਨੂੰਨੀ ਹੁਕਮਾਂ ‘ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਰਾਮਗੜ੍ਹ ਵਿੱਚ ਉਨ੍ਹਾਂ ਦੇ ਘਰ ਦੇ ਕੁਝ ਹਿੱਸੇ ਨੂੰ ਬਿਨਾਂ ਕਿਸੇ ਨੋਟਿਸ ਜਾਂ ਸੁਣਵਾਈ ਦੇ ਜ਼ਬਰਦਸਤੀ ਢਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।