ਪੁਲਿਸ ਵਿਭਾਗ ਵਿੱਚ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਪੁਲਿਸ ਨੇ ਕਾਂਸਟੇਬਲ ਦੀਆਂ 1746 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਰਤੀ ਲਈ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 21 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਲਿਖਿਆ ਹੈ, ‘‘ਵਾਅਦੇ ਮੁਤਾਬਿਕ ਪੰਜਾਬ ਪੁਲਿਸ ਵਿਭਾਗ ‘ਚ ਕੁੱਲ 1746 ਨਵੀਆਂ ਆਸਾਮੀਆਂ ਕੱਢੀਆਂ ਗਈਆਂ ਨੇ। 21 ਫ਼ਰਵਰੀ ਤੋਂ 13 ਮਾਰਚ ਤੱਕ ਨੌਜਵਾਨ ਅਪਲਾਈ ਕਰ ਸਕਦੇ ਨੇ। ਜ਼ਿਲ੍ਹਾ ਕਾਡਰ ‘ਚ 1261 ਅਤੇ ਹਥਿਆਰਬੰਦ ਕਾਡਰ ‘ਚ 485 ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।
ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਨੇ। ਵੇਰਵੇ ਜਲਦ ਸਾਂਝੇ ਕਰਾਂਗੇ।’’
ਕਾਂਸਟੇਬਲ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾ ਪੂਰੀ ਕਰਨ ਵਾਲੇ ਸਾਰੇ ਉਮੀਦਵਾਰ ਬਿਨੈ ਸ਼ੁਰੂ ਹੁੰਦੇ ਹੀ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾ ਕੇ ਫਾਰਮ ਭਰ ਸਕਣਗੇ। ਬਿਨੈ-ਪੱਤਰ ਭਰਨ ਦੀ ਆਖਰੀ ਮਿਤੀ 13 ਮਾਰਚ, 2025 ਰੱਖੀ ਗਈ ਹੈ।
ਯੋਗਤਾ ਅਤੇ ਉਮਰ ਹੱਦ
ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 10+2 (12ਵੀਂ) ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਸਾਬਕਾ ਫੌਜੀ ਲਈ 10ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਵੱਧ ਅਤੇ ਵੱਧ ਤੋਂ ਵੱਧ ਉਮਰ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਪ੍ਰਕਿਰਿਆ
ਇਸ ਭਰਤੀ ਵਿੱਚ ਹਿੱਸਾ ਲੈਣ ਲਈ, ਫਾਰਮ ਨੂੰ ਕੇਵਲ ਔਨਲਾਈਨ ਮੋਡ ਰਾਹੀਂ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਭਰਿਆ ਜਾ ਸਕਦਾ ਹੈ, ਹੋਰ ਕੋਈ ਵੀ ਅਰਜ਼ੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਅਰਜ਼ੀ ਦੇ ਨਾਲ ਸ਼੍ਰੇਣੀ ਅਨੁਸਾਰ ਨਿਰਧਾਰਤ ਫੀਸ ਜਮ੍ਹਾਂ ਕਰਾਉਣੀ ਜ਼ਰੂਰੀ ਹੋਵੇਗੀ। ਅਰਜ਼ੀ ਦੀ ਫੀਸ ਜਨਰਲ ਵਰਗ ਲਈ 1150 ਰੁਪਏ, ਐਸਸੀ/ਐਸਟੀ/ਬੀਸੀ/ਓਬੀਸੀ (ਕੇਵਲ ਪੰਜਾਬ ਰਾਜ) ਸ਼੍ਰੇਣੀ ਲਈ 650 ਰੁਪਏ ਅਤੇ ਪੰਜਾਬ ਦੇ ਸਾਬਕਾ ਸੈਨਿਕਾਂ ਲਈ 500 ਰੁਪਏ ਰੱਖੀ ਗਈ ਹੈ। ਐਪਲੀਕੇਸ਼ਨ ਫੀਸ ਦਾ ਭੁਗਤਾਨ ਔਨਲਾਈਨ ਮੋਡ ਰਾਹੀਂ ਕੀਤਾ ਜਾ ਸਕਦਾ ਹੈ।