ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ‘ਚ ਕਈ ਅਤਿਵਾਦੀ ਲੁਕੇ ਹੋਏ ਹਨ। ਜਵਾਨਾਂ ਨੇ ਇਕ ਅਤਿਵਾਦੀ ਨੂੰ ਢੇਰ ਕਰ ਦਿਤਾ ਹੈ। ਹੁਣ ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਮੁਕਾਬਲੇ ‘ਚ ਚਾਰ ਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚ ਇਕ ਮੇਜਰ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ। ਇੱਕ ਸਿਪਾਹੀ ਸ਼ਹੀਦ ਹੋ ਗਿਆ।
ਮੁਕਾਬਲੇ ਨੂੰ ਲੈ ਕੇ ਭਾਰਤੀ ਫੌਜ ਦਾ ਬਿਆਨ ਵੀ ਆਇਆ ਹੈ। ਫੌਜ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ‘ਚ ਮਾਛਿਲ ਸੈਕਟਰ ‘ਚ ਸਥਿਤ ਕਮਕਾਰੀ ‘ਚ ਫਾਰਵਰਡ ਪੋਸਟ ‘ਤੇ ਅਣਪਛਾਤੇ ਜਵਾਨਾਂ ਨਾਲ ਗੋਲੀਬਾਰੀ ਹੋਈ। ਫੌਜ ਮੁਤਾਬਕ ਇਸ ਗੋਲੀਬਾਰੀ ‘ਚ ਇਕ ਪਾਕਿਸਤਾਨੀ ਮਾਰਿਆ ਗਿਆ ਹੈ, ਜਦਕਿ ਜ਼ਖ਼ਮੀ ਫੌਜੀਆਂ ਨੂੰ ਮੌਕੇ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।ਸੁਰੱਖਿਆ ਬਲਾਂ ਨੂੰ ਪਹਿਲਾਂ ਹੀ ਕੁਪਵਾੜਾ ‘ਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਫੌਜ ਪਿਛਲੇ ਕਈ ਦਿਨਾਂ ਤੋਂ ਇੱਥੇ ਅਤਿਵਾਦ ਵਿਰੋਧੀ ਮੁਹਿੰਮ ਚਲਾ ਰਹੀ ਹੈ।