ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਨੀਪੈਗ ‘ਚ ਗੈਂਗਸਟਰ ਸੁੱਖਾ ਦੁਨੇਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।

    ਦੱਸ ਦਈਏ ਕਿ ਗੈਂਗਸਟਰ ਸੁੱਖਾ ਦੁਨੇਕੇ ਦੀ ਮੌਤ ਦੀ ਖ਼ਬਰ ਉਦੋਂ ਸਾਹਮਣੇ ਆਈ ਹੈ ਜਦੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ।

    ਦੱਸਣਯੋਗ ਹੈ ਕਿ ਗੈਂਗਸਟਰ ਸੁੱਖਾ ਦੁਨੇਕੇ NIA ਵੱਲੋਂ ਜਾਰੀ ਕੀਤੀ ਗਈ Most Wanted ਲਿਸਟ ਵਿੱਚ ਸ਼ਾਮਿਲ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸਦੇ ਖਿਲਾਫ 18 ਤੋਂ ਵੱਧ ਮਾਮਲੇ ਦਰਜ ਸਨ।

    ਇਹ ਵੀ ਜਾਣਕਾਰੀ ਮਿਲੀ ਹੈ ਕਿ ਗੈਂਗਸਟਰ 2017 ‘ਚ ਜਾਅਲੀ ਪਾਸਪੋਰਟ ਬਣਵਾ ਕੇ ਪੰਜਾਬ ਤੋਂ ਕੈਨੇਡਾ ਫਰਾਰ ਹੋ ਗਿਆ ਸੀ ਅਤੇ ਇਹ ਏ ਕੈਟਾਗਰੀ ਦਾ ਗੈਂਗਸਟਰ ਸੀ। ਦੱਸ ਦਈਏ ਕਿ ਕੈਨੇਡਾ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ।

    ਕੌਣ ਸੀ ਗੈਂਗਸਟਰ ਸੁੱਖਾ ਦੁਨੇਕੇ?

    ਜ਼ਿਕਰਯੋਗ ਹੈ ਕਿ ਕੈਟਾਗਰੀ ‘ਏ’ ਦਾ ਗੈਂਗਸਟਰ ਸੁੱਖਾ ਦੁੱਨੇਕੇ ਅਪਰਾਧ ਦੀ ਦੁਨੀਆ ‘ਚ ਆਉਣ ਤੋਂ ਪਹਿਲਾਂ ਮੋਗਾ ਡੀਸੀ ਦਫ਼ਤਰ ‘ਚ ਕੰਮ ਕਰਦਾ ਸੀ ਅਤੇ ਉਸਨੇ ਪੁਲਿਸ ਦੀ ਮਦਦ ਨਾਲ ਉਹ ਜਾਅਲੀ ਦਸਤਾਵੇਜ਼ਾਂ ‘ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਲ ਕੀਤਾ ਅਤੇ 2017 ‘ਚ ਕੈਨੇਡਾ ਫਰਾਰ ਹੋ ਗਿਆ ਸੀ। ਉਦੋਂ ਉਸ ਦੇ ਖਿਲਾਫ 7 ਅਪਰਾਧਿਕ ਮਾਮਲੇ ਚੱਲ ਰਹੇ ਸਨ ਅਤੇ ਸਾਰੇ ਮਾਮਲੇ ਸਥਾਨਕ ਗਰੋਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਸਨ।

    ਸੁੱਖਾ ਦੁੱਨੇਕੇ ਨੇ ਕਾਫੀ ਸਮਾਂ ਫਰੀਦਕੋਟ ਜੇਲ੍ਹ ਵਿੱਚ ਵੀ ਬਤੀਤ ਕੀਤਾ ਅਤੇ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਉਹ ਕੈਨੇਡਾ ਫਰਾਰ ਹੋ ਗਿਆ। ਨੰਗਲ ਅੰਬੀਆ ਦੇ ਕਤਲ ਮਾਮਲੇ ‘ਚ ਵੀ ਦੁਨੇਕੇ ਦਾ ਨਾਂ ਹੀ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਉਸ ਦੇ ਖਿਲਾਫ ਹਥਿਆਰ ਅਤੇ ਸ਼ੂਟਰ ਮੁਹੱਈਆ ਕਰਵਾਏ ਜਾਣ ਦੇ ਦੋਸ਼ ਲਗਾਏ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸੁਖ ਦੁਨੇਕੇ ਦਾ ਸਬੰਧ ਬੰਬੀਹਾ ਗੈਂਗ ਨਾਲ ਸੀ।

    ਕੈਨੇਡਾ ਜਾਣ ਤੋਂ ਬਾਅਦ, ਦੁਨੇਕੇ ਵੱਲੋਂ ਭਾਰਤ ਵਿੱਚ ਆਪਣਾ ਨੈੱਟਵਰਕ ਫੈਲਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਉੱਥੇ ਉਹ ਅੱਤਵਾਦੀ ਅਰਸ਼ ਡੱਲਾ ਦੇ ਨੇੜੇ ਆਇਆ ਅਤੇ ਸੂਬੇ ਵਿੱਚ ਹਥਿਆਰਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ। ਕੈਨੇਡਾ ਫਰਾਰ ਹੋਣ ਤੋਂ ਬਾਅਦ ਉਸ ਦੇ ਖਿਲਾਫ ਚਾਰ ਕਤਲ ਦੇ ਮਾਮਲੇ ਸਣੇ 11 ਹੋਰ ਮਾਮਲੇ ਦਰਜ ਕੀਤੇ ਗਏ। ਇਸਦੇ ਨਾਲ ਉਸਦੇ ਖਿਲਾਫ਼ ਦਰਜ ਮਾਮਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਸੀ।