ਚੰਡੀਗੜ੍ਹ:   ਸੁਖਨਾ ਝੀਲ ਵਿੱਚ ਬੀਤੇ ਦਿਨ ਵੱਡੀ ਗਿਣਤੀ ਵਿੱਚ ਮੱਛੀਆਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਅੱਜ ਝੀਲ ਵਿੱਚ ਮੱਛੀਆਂ ਫੜਨ ਆਏ ਇੱਕ ਨੌਜਵਾਨ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਵਿੱਕੀ ਵਾਸੀ ਚੰਡੀਗੜ੍ਹ ਇੰਦਰਾ ਕਲੋਨੀ ਵਜੋਂ ਹੋਈ ਹੈ। ਇਸ ਸਬੰਧੀ ਸੁਖਨਾ ਝੀਲ ਚੌਕੀ ਦੇ ਇੰਚਾਰਜ ਅਮਰੀਕ ਸਿੰਘ ਨੇਂ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਕੰਟਰੋਲ ਰੂਮ ’ਤੇ ਫੋਨ ਆਇਆ ਸੀ ਕਿ ਇਕ ਨੌਜਵਾਨ ਪਾਣੀ ’ਚ ਡੁੱਬ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਪੁਲਿਸ ਅਨੁਸਾਰ ਮ੍ਰਿਤਕ ਵਿੱਕੀ ਸੁਖਨਾ ਝੀਲ ਦੇ ਫਲੱਡ ਗੇਟ ਦੇ ਹੇਠਾਂ ਪਾਣੀ ਵਿੱਚ ਮਰੀਆਂ ਮੱਛੀਆਂ ਨੂੰ ਫੜਨ ਗਿਆ ਸੀ ਪਰ ਪੈਰ ਫਿਸਲਣ ਕਾਰਨ ਉਹ ਪਾਣੀ ਵਿੱਚ ਡਿੱਗ ਗਿਆ। ਜਿਸ ਤੋਂ ਬਾਅਦ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਕਰੀਬ 3 ਘੰਟੇ ਦੀ ਮਿਹਨਤ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ।