ਪੰਜਾਬ ਪੁਲਿਸ ਨੇ ਫਿਰੌਤੀ ਨਾਲ ਜੁੜੇ ਇੱਕ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਮਰੀਕਾ ਵਿੱਚ ਲੁਕੇ ਹੋਏ ਗੋਲਡੀ ਬਰਾੜ ਅਤੇ ਲਾਰੈਂਸ ਗੈਂਗ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਪੰਜ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ x ‘ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਮਾਮਲਾ ਸੁਲਝਾ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਬਾਰੇ ਜਲਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।ਪੁਲਿਸ ਅਨੁਸਾਰ ਜਨਵਰੀ 2024 ਵਿੱਚ ਚੰਡੀਗੜ੍ਹ ਵਿੱਚ ਇੱਕ ਕਾਰੋਬਾਰੀ ਦੇ ਘਰ ਹੋਈ ਗੋਲੀਬਾਰੀ ਪਿੱਛੇ ਵੀ ਗੋਲਡੀ ਬਰਾੜ ਦਾ ਹੱਥ ਸੀ। ਗੋਲਡੀ ਬਰਾੜ ਐਨਆਈਏ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਹੈ। ਪੁਲਿਸ ਨੇ ਉਸ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਇਸ ਦੇ ਨਾਲ ਹੀ ਉਹ ਚੰਡੀਗੜ੍ਹ ਪੁਲਿਸ ਦੇ ਕੇਸ ਵਿੱਚ ਵੀ ਭਗੌੜਾ ਹੈ।