ਪੰਜਾਬ ਵਿਚ ਕੱਲ੍ਹ ਰਾਤ ਤੋਂ ਮੌਸਮ ਇਕਦਮ ਬਦਲ ਗਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬਾਰਸ਼ ਹੋਈ। ਕਈ ਥਾਈਂ ਤੇਜ਼ ਹਵਾਵਾਂ ਵੀ ਚੱਲੀਆਂ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 3 ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ।
ਇਸ ਦੌਰਾਨ ਮਾਨਸੂਨ ਵੀ ਸਮੇਂ ਤੋਂ ਪਹਿਲਾਂ ਕੇਰਲ ਵਿਚ ਦਾਖਲ ਹੋਣ ਤੋਂ ਬਾਅਦ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ 4 ਤੋਂ 7 ਜੂਨ ਵਿਚਾਲੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 25-35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਤਹੀ ਹਵਾਵਾਂ ਚੱਲ ਸਕਦੀਆਂ ਹਨ।ਪੰਜਾਬ ਵਿਚ ਅਗਲੇ 3 ਦਿਨ ਬਾਰਸ਼ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਅਗਲੇ 3 ਦਿਨਾਂ ਦੌਰਾਨ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਮੀਂਹ ਅਤੇ ਧੂੜ ਭਰੀ ਹਨੇਰੀ ਚੱਲ ਸਕਦੀ ਹੈ।ਆਈਐਮਡੀ ਨੇ 8 ਜੂਨ ਤੱਕ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਪੱਛਮੀ ਬੰਗਾਲ, ਸਿੱਕਮ ਅਤੇ ਤ੍ਰਿਪੁਰਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਅਤੇ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ। ਅਗਲੇ ਪੰਜ ਦਿਨਾਂ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ ਮਨੀਪੁਰ ਵਿੱਚ 4 ਜੂਨ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਿਹਾਰ, ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਛੱਤੀਸਗੜ੍ਹ ਅਤੇ ਗੋਆ ਵਿੱਚ 6 ਜੂਨ ਤੱਕ ਅਤੇ ਮਹਾਰਾਸ਼ਟਰ ਵਿੱਚ 5 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ 4 ਜੂਨ ਤੋਂ ਕਈ ਰਾਜਾਂ ਵਿੱਚ ਗਰਮੀ ਦੀ ਤੀਬਰਤਾ ਘੱਟ ਜਾਵੇਗੀ। ਮੌਸਮ ਵਿਭਾਗ ਮੁਤਾਬਕ ਰਾਹਤ ਦੀ ਗੱਲ ਇਹ ਹੈ ਕਿ ਮਾਨਸੂਨ ਦੇ ਬੱਦਲ ਰਾਕੇਟ ਵਾਂਗ ਅੱਗੇ ਵਧ ਰਹੇ ਹਨ, ਜਿਸ ਕਾਰਨ ਕੇਰਲ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ।ਇਸ ਵਾਰ ਮਾਨਸੂਨ ਵੀ ਆਮ ਸਮੇਂ ਨਾਲੋਂ ਕੁਝ ਪਹਿਲਾਂ ਭਾਰਤ ਵਿੱਚ ਦਾਖਲ ਹੋਇਆ ਹੈ, ਜੋ ਹੁਣ ਉੱਤਰ-ਪੂਰਬ ਵੱਲ ਵਧ ਰਿਹਾ ਹੈ। ਇਸ ਦੌਰਾਨ ਆਈਐਮਡੀ ਨੇ ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਵਾਰ ਪੰਜਾਬ ਵਿਚ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਰਿਹਾ ਹੈ। ਇਹੀ ਰਫਤਾਰ ਰਹੀ ਤਾਂ ਮਾਨਸੂਨ 20 ਤੋਂ 27 ਜੂਨ ਤੱਕ ਪੰਜਾਬ ਨੂੰ ਕਵਰ ਕਰ ਲਵੇਗਾ।