ਪਿਛਲੇ 24 ਘੰਟਿਆਂ ਵਿੱਚ, ਦੱਖਣ-ਪੱਛਮੀ ਮਾਨਸੂਨ ਹੁਣ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕਈ ਹਿੱਸਿਆਂ ਵਿੱਚ ਪਹੁੰਚ ਗਿਆ ਹੈ। ਜੇਕਰ ਮਾਨਸੂਨ ਇਸੇ ਰਫ਼ਤਾਰ ਨਾਲ ਜਾਰੀ ਰਿਹਾ, ਤਾਂ ਉਮੀਦ ਹੈ ਕਿ ਇਹ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਾਖ਼ਲ ਹੋਵੇਗਾ। ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ਤੱਕ ਮਾਨਸੂਨ ਪੰਜਾਬ ਵਿੱਚ ਦਾਖ਼ਲ ਹੋਣ ਲਈ ਅਨੁਕੂਲ ਹੈ। ਪਿਛਲੇ 24 ਘੰਟਿਆਂ ਵਿੱਚ, ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 1.7 ਡਿਗਰੀ ਸੈਲਸੀਅਸ ਘਟਿਆ ਹੈ। ਤਾਪਮਾਨ ਆਮ ਨਾਲੋਂ 1.6 ਡਿਗਰੀ ਘੱਟ ਦਰਜ ਕੀਤਾ ਗਿਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਅੰਮ੍ਰਿਤਸਰ ਵਿੱਚ ਤਾਪਮਾਨ 37.6 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 34.8 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 35 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 32.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਮੀਂਹ ਨੂੰ ਲੈ ਕੇ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਵਿੱਚ ਬਾਰਿਸ਼ ਨੂੰ ਲੈ ਕੇ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਲਈ ਇੱਕ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ। 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 22 ਜੂਨ ਨੂੰ ਚੰਡੀਗੜ੍ਹ ਅਤੇ ਉੱਤਰੀ ਹਰਿਆਣਾ ਵਿੱਚ ਕੁਝ ਥਾਵਾਂ ‘ਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਮੀਂਹ ਦੇ ਨਾਲ ਗਰਜ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਹੋਣ ਦੀ ਸੰਭਾਵਨਾ ਹੈ।