
Skip to content

ਬਠਿੰਡਾ ਦੇ ਬੀਜੇਪੀ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਹਮਲਾ: 2 ਦੋਸ਼ੀ ਗ੍ਰਿਫ਼ਤਾਰ, ਇੱਕ ਫ਼ਰਾਰ; ਜਾਂਚ ਜਾਰੀ
ਬਠਿੰਡਾ (ਅਰਸ਼ਦੀਪ ਸਿੰਘ ਕਾਲੜਾ) :- ਬਠਿੰਡਾ ਵਿੱਚ ਬੀਜੇਪੀ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਹਾਲ ਹੀ ਵਿੱਚ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਰੇਂਜ ਦੇ ਡੀ.ਆਈ.ਜੀ. ਅਤੇ ਐਸ.ਐਸ.ਪੀ. ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ।
ਡੀ.ਆਈ.ਜੀ. ਹਰਜੀਤ ਸਿੰਘ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਟੀਮ ਅਤੇ ਤਕਨੀਕੀ ਸਹਾਇਤਾ ਦੇ ਨਾਲ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਾਂਚ ਦੇ ਆਧਾਰ ‘ਤੇ ਦੋ ਮੁਲਜ਼ਮਾਂ ਨਕੁਲ ਅਤੇ ਗੁਰਵਿੰਦਰ, ਜੋ ਫ਼ਾਜ਼ਿਲਕਾ ਦੇ ਰਹਿਣ ਵਾਲੇ ਹਨ, ਨੂੰ ਅਬੋਹਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰੀ ਦੌਰਾਨ ਦੋਵੇਂ ਦੋਸ਼ੀਆਂ ਨੇ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਘਟਨਾ ਤੋਂ ਬਾਅਦ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਸਮੇਂ ਬਾਅਦ ਡਾ. ਤਰਸੇਮ ਗਰਗ ਨੂੰ ਇੱਕ ਫ਼ੋਨ ਕਾਲ ਆਈ ਸੀ, ਜੋ ਸ਼ਹਿਜ਼ਾਦ ਭੱਟੀ ਨਾਮ ਦੇ ਵਿਅਕਤੀ ਵੱਲੋਂ ਕੀਤੀ ਗਈ ਸੀ।
ਪੁਲਿਸ ਨੇ ਸ਼ਹਿਜ਼ਾਦ ਭੱਟੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ, ਜਿਸ ਨੇ ਕਥਿਤ ਤੌਰ ‘ਤੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਦੇ ਨਾਲ ਹੀ ਇੱਕ ਹੋਰ ਮੁਲਜ਼ਮ ਸੰਦੀਪ ਅਜੇ ਵੀ ਫ਼ਰਾਰ ਹੈ, ਜਿਸ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ ਅਤੇ ਪੁਲਿਸ ਨੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਹਮਲੇ ਦੇ ਪਿੱਛੇ ਅਸਲ ਮਕਸਦ ਕੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।

Related