ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਉਨ੍ਹਾਂ ‘ਤੇ ਇਂਡੀਆ ਗਠਜੋੜ ਛੱਡਣ ਲਈ ਦਬਾਅ ਪਾ ਰਹੀ ਹੈ। ‘ਆਪ’ ਨੂੰ ਡਰਾਉਣ ਲਈ, ਭਾਜਪਾ ਛੇਤੀ ਹੀ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਝੂਠੇ ਕੇਸ ‘ਚ ਗ੍ਰਿਫਤਾਰ ਕਰੇਗੀ।
ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਜਪਾ ਇਨ੍ਹਾਂ ਚੋਣਾਂ ਵਿਚ ਇਂਡੀਆ ਗਠਜੋੜ ਹੱਥੋਂ ਆਪਣੀ ਹਾਰ ਦੇਖ ਸਕਦੀ ਹੈ। ਕਿਉਂਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਉਹ ਹਰ ਸਾਲ 2 ਕਰੋੜ ਨੌਕਰੀਆਂ ਦੇਣ ‘ਚ ਨਾਕਾਮ ਰਹੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਜਿਵੇਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ, ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਬੁਨਿਆਦੀ ਹੱਕਾਂ ਲਈ ਅੰਦੋਲਨ ਕਰਨ ਲਈ ਮਜਬੂਰ ਕੀਤਾ। ਲੋਕ ਭਾਜਪਾ ਖਿਲਾਫ ਗੁੱਸੇ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ। ਇਸੇ ਕਰਕੇ ਭਾਜਪਾ ਇਂਡੀਆ ਗਠਜੋੜ ਤੋਂ ਡਰਦੀ ਹੈ।
ਚੀਮਾ ਨੇ ਅੱਗੇ ਕਿਹਾ ਕਿ ‘ਆਪ’ ਆਗੂਆਂ ਨੂੰ ਭਾਜਪਾ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਹਨ ਕਿ ਜੇਕਰ ਅਸੀਂ ਇਂਡੀਆ ਗਠਜੋੜ ਨਾ ਛੱਡਿਆ ਤਾਂ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲੈਣਗੇ। ਹੁਣ ਤੱਕ ਅਰਵਿੰਦ ਕੇਜਰੀਵਾਲ ਨੂੰ ਈਡੀ ਤੋਂ 7 ਸੰਮਨ ਮਿਲ ਚੁੱਕੇ ਹਨ। ਉਹ ਸਾਨੂੰ ਇਂਡੀਆ ਗਠਜੋੜ ਤੋਂ ਬਾਹਰ ਕੱਢਣ ਲਈ ਜਲਦੀ ਹੀ ਉਸਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ।
ਚੀਮਾ ਨੇ ਕਿਹਾ ਕਿ ਇੰਨੇ ਛਾਪਿਆਂ ਵਿੱਚ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ ਕਿਉਂਕਿ ਕੋਈ ਘਪਲਾ ਨਹੀਂ ਹੋਇਆ, ਇਹ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਝੂਠਾ ਕੇਸ ਹੈ। ਪਰ, ਅਸੀਂ ਇੱਕ ਆਦਰਸ਼ਵਾਦੀ ਪਾਰਟੀ ਹਾਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾਕਟਰ ਬੀਆਰ ਅੰਬੇਡਕਰ ਸਾਡੇ ਆਦਰਸ਼ ਹਨ। ਉਹ ਸਾਨੂੰ ਡਰਾਉਣ ਦੇ ਯੋਗ ਨਹੀਂ ਹੋਣਗੇ। ਅਸੀਂ ਭਾਜਪਾ ਵੱਲੋਂ ਖੜ੍ਹੀ ਹਰ ਰੁਕਾਵਟ ਦਾ ਡਟ ਕੇ ਮੁਕਾਬਲਾ ਕਰਾਂਗੇ। ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਨੇਤਾ ਹਨ। ਉਨਾਂ ਨੇ ਭਾਰਤੀ ਰਾਜਨੀਤੀ ਦੀ ਦਸਾ਼ ਅਤੇ ਦਿਸ਼ਾ ਬਦਲ ਦਿੱਤੀ। ਉਨ੍ਹਾਂ ਸਾਬਤ ਕਰ ਦਿੱਤਾ ਕਿ ਇਮਾਨਦਾਰ ਰਾਜਨੀਤੀ ਸੰਭਵ ਹੈ। ਭਾਜਪਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਣੇ ਏਜੰਡੇ ਵਿੱਚ ਕਾਮਯਾਬ ਨਹੀਂ ਹੋਵੇਗੀ।
ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ‘ਚ ਇਂਡੀਆ ਗਠਜੋੜ ਨੇ ਭਾਜਪਾ ਨੂੰ ਹਰਾਇਆ ਸੀ, ਪਰ ਇਹ ਸਿਰਫ਼ ਇੱਕ ਟਰੇਲਰ ਸੀ। ਹੁਣ ਭਾਜਪਾ ਨੂੰ ਪਤਾ ਹੈ ਕਿ ਜਿੱਥੇ ‘ਆਪ’ ਗਠਜੋੜ ਦੇ ਨਾਲ ਹੈ, ਉੱਥੇ ਉਹ ਜਿੱਤ ਨਹੀਂ ਸਕਦੀ। ਭਾਜਪਾ ਨੇ ਭਾਵੇਂ ਦਿਨ-ਦਿਹਾੜੇ ਲੋਕਤੰਤਰ ਦਾ ਕਤਲ ਕਰਕੇ ਚੰਡੀਗੜ੍ਹ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਉਨ੍ਹਾਂ ਅੱਗੇ ਕਿਹਾ ਕਿ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਨ। ਭਾਜਪਾ ਜਾਣਦੀ ਹੈ ਕਿ ਜਿੱਥੇ ਅਰਵਿੰਦ ਕੇਜਰੀਵਾਲ ਜਾਂਦਾ ਹੈ, ਉੱਥੇ ਭਾਜਪਾ ਦੀ ਹਾਰ ਅਟੱਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਵੀ ਕੀਮਤ ‘ਤੇ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਚਾਹੁੰਦੀ ਹੈ, ਇਸ ਲਈ ਉਹ ਉਨ੍ਹਾਂ ਨੂੰ ਦੋ ਦਿਨਾਂ ‘ਚ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਉਹ ਸਾਨੂੰ ਡਰਾਉਣ ਵਿੱਚ ਕਾਮਯਾਬ ਨਹੀਂ ਹੋਣਗੇ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਨਹੀਂ ਰੋਕ ਸਕਣਗੇ।ਇਂਡੀਆ ਗਠਜੋੜ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਵੱਡੇ ਫਰਕ ਨਾਲ ਹਰਾਏਗਾ ਕਿਉਂਕਿ ਸਾਡੇ ਦੇਸ਼ ਦੇ ਲੋਕ ਭਾਜਪਾ ਦੇ ਖਿਲਾਫ ਇੱਕਜੁੱਟ ਹੋ ਰਹੇ ਹਨ।