ਮਸ਼ਹੂਰ ਕੋਰੀਓਗ੍ਰਾਫ਼ਰ ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ‘ਚ ਕਾਫ਼ੀ ਦਿੱਕਤ ਹੋ ਰਹੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਵੀਰਵਾਰ ਰਾਤ 1.52 ਦੇ ਕਰੀਬ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਸੀ।
ਦੱਸ ਦਈਏ ਕਿ ਸਰੋਜ ਖਾਨ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਧੀ ਨੇ ਕੀਤੀ। ਕੁਝ ਦਿਨ ਪਹਿਲਾਂ ਹੀ ਸਰੋਜ ਖਨ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜੋ ਕਿ ਨੇਗੈਟਿਵ ਆਇਆ ਸੀ। 24 ਜੂਨ ਨੂੰ ਸਰੋਜ ਖ਼ਾਨ ਦੇ ਪਰਿਵਾਰਕ ਸੂਤਰਾਂ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਸੂਚਨਾ ਦਿੱਤੀ ਕਿ ਉਹ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਤਿੰਨ ਦਹਾਕਿਆਂ ਦੇ ਆਪਣੇ ਕੋਰੀਓਗਰਾਫ਼ੀ ਦੇ ਸਫ਼ਰ ਦੌਰਾਨ ਉਨ੍ਹਾਂ ਨੇ 2000 ਤੋਂ ਵੱਧ ਗਾਣਿਆਂ ‘ਚ ਡਾਂਸ ਡਾਇਰੈਕਸ਼ਨ ਦਿੱਤੀ। ਉਨ੍ਹਾਂ ਨੂੰ ਤਿੰਨ ਵਾਰ ਆਪਣੇ ਕੰਮ ਲਈ ਨੈਸ਼ਨਲ ਪੁਰਸਕਾਰ ਮਿਲਿਆ। ਉਨ੍ਹਾਂ ਦੀ ਆਖ਼ਰੀ ਫ਼ਿਲਮ ਕਰਨ ਜੌਹਰ ਵੱਲੋਂ ਬਣਾਈ ਗਈ ਫ਼ਿਲਮ ’ਕਲੰਕ’ ਸੀ, ਜੋ ਕਿ ਸਾਲ 2019 ‘ਚ ਸਿਨੇਮਾ ਘਰਾਂ ‘ਚ ਆਈ ਸੀ। ਇਸ ਫ਼ਿਲਮ ‘ਚ ਉਨ੍ਹਾਂ ਨੇ ਮਾਧੁਰੀ ਦਿਕਸ਼ਿਤ ਨਾਲ ਕੰਮ ਕੀਤਾ ਸੀ। ਸਰੋਜ ਖਾਨ ਨੂੰ ਸਾਲ 2002 ਦੀ ‘ਦੇਵਦਾਸ’, 2006 ਦੀ ‘ਸ਼੍ਰੀਗਾਰਮ’ ਅਤੇ 2007 ‘ਚ ਆਈ ‘ਜਬ ਵੀ ਮੈੱਟ’ ਲਈ ‘ਰਾਸ਼ਟਰੀ ਫ਼ਿਲਮ ਪੁਰਸਕਾਰ’ ਮਿਲਿਆ ਹੈ। ਸਰੋਜ ਖਾਨ ਸਾਲ 2000 ਤੋਂ ਵੀ ਜ਼ਿਆਦਾ ਗੀਤਾਂ ਨੂੰ ਕੋਰੀਓਗ੍ਰਾਫ ਕਰ ਚੁੱਕੇ ਹਨ ਅਤੇ 3 ਸਾਲ ਦੀ ਉਮਰ ‘ਚ ਉਨ੍ਹਾਂ ਨੇ ਬਤੌਰ ਚਾਈਲਡ ਆਰਟਿਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।