
Skip to content

ਚੰਡੀਗੜ੍ਹ ਦੇ ਸੈਕਟਰ 45 ਸਥਿਤ ਬੁੜੈਲ ਇਲਾਕੇ ‘ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਰਿਹਾਇਸ਼ੀ ਇਮਾਰਤ ਵਿੱਚ ਗੈਸ ਸਿਲੰਡਰ ਫਟਣ ਕਾਰਨ ਭਿਆਨਕ ਧਮਾਕੇ ਹੋ ਗਏ। ਜਾਣਕਾਰੀ ਮੁਤਾਬਕ, ਇਮਾਰਤ ਅੰਦਰ ਰੱਖੇ ਸਿਲੰਡਰਾਂ ਵਿੱਚ ਇੱਕ ਤੋਂ ਬਾਅਦ ਇੱਕ ਲਗਾਤਾਰ 4 ਧਮਾਕੇ ਹੋਏ, ਜਿਸ ਨਾਲ ਪੂਰਾ ਇਲਾਕਾ ਦਹਿਲ ਉੱਠਿਆ।
ਇਸ ਭਿਆਨਕ ਹਾਦਸੇ ਵਿੱਚ ਘਰ ਅੰਦਰ ਮੌਜੂਦ ਪਰਿਵਾਰ ਦੇ ਕੁਝ ਮੈਂਬਰ ਗੰਭੀਰ ਰੂਪ ਵਿੱਚ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਧਮਾਕਿਆਂ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਮਾਰਤ ਦਾ ਵੱਡਾ ਹਿੱਸਾ ਢਹਿ-ਢੇਰੀ ਹੋ ਗਿਆ।
ਮੌਕੇ ‘ਤੇ ਪਹੁੰਚੀ ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸੰਘਣੀਆਂ ਅਤੇ ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਨੂੰ ਅੰਦਰ ਪਹੁੰਚਣ ਵਿੱਚ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ, ਪਰ ਕਰਮਚਾਰੀਆਂ ਨੇ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ।
ਮਿਲੀ ਜਾਣਕਾਰੀ ਅਨੁਸਾਰ, ਇਮਾਰਤ ਵਿੱਚ ਕਰੀਬ 10 ਤੋਂ 12 ਗੈਸ ਸਿਲੰਡਰ ਗੈਰ-ਕਾਨੂੰਨੀ ਤਰੀਕੇ ਨਾਲ ਸਟੋਰ ਕਰਕੇ ਰੱਖੇ ਗਏ ਸਨ। ਅੱਗ ਲੱਗਣ ਤੋਂ ਬਾਅਦ ਇਨ੍ਹਾਂ ਵਿੱਚੋਂ 4 ਸਿਲੰਡਰ ਫਟ ਗਏ, ਜਦਕਿ ਬਾਕੀ ਸਿਲੰਡਰਾਂ ਨੂੰ ਸਮੇਂ ਸਿਰ ਸੁਰੱਖਿਅਤ ਕਰ ਲਿਆ ਗਿਆ। ਜੇਕਰ ਫਾਇਰ ਬ੍ਰਿਗੇਡ ਦੇ ਪਹੁੰਚਣ ਵਿੱਚ ਹੋਰ ਦੇਰੀ ਹੁੰਦੀ ਤਾਂ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ।
ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਰੰਭਿਕ ਅਨੁਮਾਨਾਂ ਮੁਤਾਬਕ ਭਿਆਨਕ ਗਰਮੀ, ਸ਼ਾਰਟ ਸਰਕਟ ਜਾਂ ਕਿਸੇ ਜਲਨਸ਼ੀਲ ਪਦਾਰਥ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੈਸ ਦੀ ਕਿੱਲਤ ਬਾਰੇ ਫੈਲ ਰਹੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ ਅਤੇ ਘਰਾਂ ਵਿੱਚ ਵੱਡੀ ਮਾਤਰਾ ਵਿੱਚ ਸਿਲੰਡਰ ਸਟੋਰ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ।
Related