ਚੰਡੀਗੜ੍ਹ ਦੇ ਸੈਕਟਰ 33 ਟੈਰੇਸ ਗਾਰਡਨ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਮੁਰੰਮਤ ਦੌਰਾਨ ਇੱਕ ਬੂਥ ਦੀ ਛੱਤ ਡਿੱਗ ਗਈ, ਜਿਸ ਨਾਲ ਚਾਰ ਮਜ਼ਦੂਰ ਫਸ ਗਏ। ਇਸ ਘਟਨਾ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਮਜ਼ਦੂਰ ਜ਼ਖ਼ਮੀ ਦੱਸੇ ਜਾ ਰਹੇ ਹਨ। ਫਿਲਹਾਲ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਫਾਇਰ ਬ੍ਰਿਗੇਡ, ਪੁਲਿਸ ਅਤੇ NDRF ਦੀਆਂ ਟੀਮਾਂ ਨੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ।
ਜਾਣਕਾਰੀ ਅਨੁਸਾਰ ਹਾਦਸਾ ਬੁੱਧਵਾਰ ਸ਼ਾਮ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕੈਫੇ ਦੀ ਦੁਕਾਨ ਖੋਲ੍ਹਣ ਵਾਲੇ ਸਨ, ਜਿਸ ਲਈ ਪਿਛਲੇ ਤਿੰਨ ਦਿਨਾਂ ਤੋਂ ਬੂਥ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦੋਵੇਂ ਬੂਥਾਂ ਵਿਚਕਾਰ ਦੀਵਾਰ ਹਟਾਈ ਜਾਣ ਕਾਰਨ ਬੁੱਧਵਾਰ ਸ਼ਾਮ ਮਜ਼ਦੂਰ ਬੂਥ ਦੇ ਅੰਦਰੋਂ ਸਲੈਬਾਂ ਤੋੜ ਰਹੇ ਸਨ। ਇਸ ਦੌਰਾਨ ਅਚਾਨਕ ਛੱਤ ਡਿੱਗ ਗਈ ਅਤੇ ਮਜ਼ਦੂਰ ਹੇਠਾਂ ਦੱਬ ਗਏ।
ਧਮਾਕੇ ਦੀ ਆਵਾਜ਼ ਅਤੇ ਮਜ਼ਦੂਰਾਂ ਦੀਆਂ ਚੀਕਾਂ ਸੁਣ ਕੇ ਲੋਕ ਬਚਾਅ ਲਈ ਭੱਜੇ ਅਤੇ ਤੁਰੰਤ ਦੋ ਮਜ਼ਦੂਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਅਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੀਸੀਆਰ ਨੇ ਪਹੁੰਚ ਕੇ ਭੀੜ ਨੂੰ ਹਟਾਇਆ ਅਤੇ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ। ਫਾਇਰ ਬ੍ਰਿਗੇਡ, ਪੁਲਿਸ ਅਤੇ NDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮਲਬਾ ਹਟਾਉਣ ਲਈ ਦੋ ਜੇਸੀਬੀ ਮਸ਼ੀਨਾਂ ਲਗਾਈਆਂ ਗਈਆਂ ਅਤੇ ਡੰਪਰ ਦੀ ਮਦਦ ਲਈ ਗਈ।
ਹਾਦਸੇ ਦੀ ਸੂਚਨਾ ਮਿਲਣ ’ਤੇ DSP ਦਲਬੀਰ ਸਿੰਘ, ਸੈਕਟਰ-34 ਥਾਣੇ ਦੇ ਇੰਚਾਰਜ ਬਲਦੇਵ ਕੁਮਾਰ ਅਤੇ ਸੈਕਟਰ-31 ਪੁਲਿਸ ਸਟੇਸ਼ਨ ਦੇ ਇੰਚਾਰਜ ਰਾਮਰਤਨ ਸ਼ਰਮਾ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਡਿਜ਼ਾਸਟਰ ਮੈਨੇਜਮੈਂਟ ਦੇ ਮੁਖੀ ਟੀਮ ਨਾਲ ਪਹੁੰਚੇ। SDM ਦੱਖਣੀ ਵੀ ਮੌਕੇ ’ਤੇ ਪੁੱਜੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਸ਼ਾਮ 7.30 ਵਜੇ ਦੇ ਕਰੀਬ ਆਈਜੀ ਆਰਕੇ ਸਿੰਘ ਅਤੇ ਐਸਐਸਪੀ ਕੰਵਰਦੀਪ ਕੌਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇੱਕ ਮ੍ਰਿਤਕ ਦੀ ਪਛਾਣ ਮਨਚਨ ਕੁਮਾਰ (24) ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕੈਫੇ ਦੀ ਦੁਕਾਨ ਬਣਾਉਣ ਵਾਲੇ ਆਯੂਸ਼ ਅਤੇ ਠੇਕੇਦਾਰ ਸੁਰਿੰਦਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304ਏ, 336, 337, 34 ਤਹਿਤ ਕੇਸ ਦਰਜ ਕਰਕੇ ਦੇਰ ਰਾਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।