ਫਰੀਦਕੋਟ (ਵਪਾਨ ਮਿੱਤਲ) -ਪੰਜਾਬ ਵਿਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਗਏ ਹਨ। ਜਿਸਦੇ ਮੱਦੇਨਜ਼ਰ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਨਵੀਂ ਐਡਵਾਈਜ਼ਰੀ ਸੂਬੇ ਵਿੱਚ ਮਾਸਕ ਪਾਉਣ ਸਬੰਧੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਅਨੁਸਾਰ ਹੁਣ ਸੂਬੇ ਦੀਆਂ ਭੀੜ ਵਾਲਿਆਂ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿਨੇਮਾ ਘਰਾਂ, ਬੱਸਾਂ, ਸ਼ਾਪਿੰਗ ਮਾਲ ਤੇ ਸਕੂਲਾਂ ਵਿੱਚ ਵੀ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸਭ ਥਾਵਾਂ ‘ਤੇ ਹੁਣ ਮਾਸਕ ਤੋਂ ਬਿਨ੍ਹਾਂ ਐਂਟਰੀ ਨਹੀਂ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਬੁੱਧਵਾਰ ਨੂੰ 24 ਘੰਟਿਆਂ ‘ਚ 30 ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 113 ਹੋ ਗਈ ਹੈ। ਇਨ੍ਹਾਂ ਵਿੱਚੋਂ 4 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। ਇਸ ਦੇ ਨਾਲ ਹੀ 11 ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ‘ਚ ਕੋਰੋਨਾ ਦੀ ਚੌਥੀ ਲਹਿਰ ਆਉਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਕੋਰੋਨਾ ਦੇ ਸੈਂਪਲਿੰਗ ਅਤੇ ਟੈਸਟਿੰਗ ਨੂੰ ਵੀ ਵਧਾ ਦਿੱਤਾ ਹੈ। ਬੁੱਧਵਾਰ ਨੂੰ 9812 ਸੈਂਪਲ ਲੈ ਕੇ 9577 ਟੈਸਟ ਕੀਤੇ ਗਏ।


    ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 7 ਅਤੇ ਮੁਹਾਲੀ ਵਿੱਚ 5 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਸਕਾਰਾਤਮਕਤਾ ਦਰ ਵੀ 1% ਤੋਂ ਉੱਪਰ ਹੈ। ਇਸ ਤੋਂ ਇਲਾਵਾ ਜਲੰਧਰ ਅਤੇ ਪਟਿਆਲਾ ਵਿੱਚ 4-4, ਫਰੀਦਕੋਟ, ਲੁਧਿਆਣਾ ਅਤੇ ਪਠਾਨਕੋਟ ਵਿੱਚ 2-2 ਮਰੀਜ਼ ਪਾਏ ਗਏ ਹਨ। ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਮੁਕਤਸਰ ਵਿੱਚ 1-1 ਮਰੀਜ਼ ਪਾਇਆ ਗਿਆ। ਸੂਬੇ ਵਿੱਚ ਇਸ ਸਮੇਂ ਸਕਾਰਾਤਮਕਤਾ ਦਰ 0.31% ਹੈ।