ਮੋਹਾਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ‘ਚ ਪਹੁੰਚਣ ਤੋਂ ਪਹਿਲਾਂ ਪੰਡਾਲ ‘ਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਕੁੱਝ ਲੋਕਾਂ ਨੇ ਸਾਹਮਣੇ ਬੈਠਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਕਾਰਡ ਭੇਜ ਕੇ ਬੁਲਾਇਆ ਗਿਆ ਹੈ, ਪਰ ਉਨ੍ਹਾਂ ਨੂੰ ਬੈਠਣ ਲਈ ਪਿਛਲੀ ਸੀਟ ਦਿੱਤੀ ਗਈ ਹੈ, ਜਦੋਂ ਕਿ ਉਨ੍ਹਾਂ ਕੋਲ ਜੋ ਕਾਰਡ ਹੈ, ਉਸ ਅਨੁਸਾਰ ਉਹ ਵੀਆਈਪੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਮੰਗ ਕਰ ਰਹੇ ਸੀ ਕਿ ਉਨ੍ਹਾਂ ਨੂੰ ਅੱਗੇ ਬੈਠਣ ਦਿੱਤਾ ਜਾਵੇ ਪਰ ਅੱਗੇ ਬੈਰੀਕੇਡਿੰਗ ਲੱਗੀ ਹੋਈ ਸੀ, ਜਿਸ ਕਾਰਨ ਉਹ ਅੱਗੇ ਨਹੀਂ ਜਾ ਸਕੇ। ਗੁੱਸੇ ਵਿੱਚ ਆਏ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੰਡਾਲ ਵਿੱਚ ਹੀ ਭਾਰੀ ਪੁਲੀਸ ਫੋਰਸ ਮੌਜੂਦ ਸੀ। ਉੱਥੇ ਅਚਾਨਕ ਸਾਰੀ ਫੋਰਸ ਇਕੱਠੀ ਹੋ ਗਈ ਅਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ।