ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾਕੋਟਲਾ ਦੇ ਨਿਵਾਸੀ ਸੁਖਦੇਵ ਸਿੰਘ ਧਾਲੀਵਾਲ ਪੁੱਤਰ ਹਰਨੇਕ ਸਿੰਘ ਨੇ ਇਕ ਕਰੋੜ ਰੁਪਏ ਦੀ ਲਾਟਰੀ ਜਿੱਤ ਕੇ ਨਾ ਸਿਰਫ ਆਪਣੇ ਪਰਿਵਾਰ ਨੂੰ ਸਹਾਰਾ ਦਿੱਤਾ ਹੈ, ਸਗੋਂ ਪਿੰਡ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਏ ਹਨ। ਇਹ ਲਾਟਰੀ ਨਾਗਾਲੈਂਡ ਸਟੇਟ ਲਾਟਰੀ ਦੀ ਸੀ, ਜਿਸ ਦੀ ਟਿਕਟ ਸੁਖਦੇਵ ਸਿੰਘ ਨੇ ਵਿਕੀ ਗੁਲਾਟੀ ਤੋਂ ਖਰੀਦੀ ਸੀ। ਇਸ ਟਿਕਟ ਦੀ ਕੀਮਤ 6 ਰੁਪਏ ਸੀ ਅਤੇ 25 ਟਿਕਟਾ ਦੀ ਕੀਮਤ 150 ਰੁਪਏ ਬਣਦੀ ਹੈ, ਜੋ 25 ਟਿਕਟਾਂ ਦੀ ਇੱਕ ਕਾਪੀ ਵਿੱਚ ਸ਼ਾਮਲ ਸੀ

    ਜੇਤੂ ਸੁਖਦੇਵ ਸਿੰਘ ਧਾਲੀਵਾਲ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ 6 ਕਿਲੇ ਜ਼ਮੀਨ ’ਤੇ ਖੇਤੀ ਕਰਦੇ ਹਨ। ਇਸ ਤੋਂ ਇਲਾਵਾ ਉਹ ਇਕ ਮੈਡੀਕਲ ਸਟੋਰ ਵੀ ਚਲਾਉਂਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਦੋ ਪੁੱਤਰ ਅਤੇ ਬਜ਼ੁਰਗ ਪਿਤਾ ਸ਼ਾਮਲ ਹਨ। ਸੁਖਦੇਵ ਸਿੰਘ ਪਿਛਲੇ 3 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ ਅਤੇ ਅੱਜ 3 ਸਾਲਾਂ ਬਾਅਦ ਸੁਖਦੇਵ ਸਿੰਘ ਦੀ ਕਿਸਮਤ ਚਮਕ ਗਈ ਹੈ।

    ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ 150 ਰੁਪਏ ਦੀ ਲਾਟਰੀ ਤੋਂ 1 ਕਰੋੜ ਰੁਪਏ ਮਿਲੇ ਹਨ। ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਲਾਟਰੀ ਦੇ ਜਿੱਤੇ ਹੋਏ ਪੈਸੇ ਨਾਲ ਇਕ ਘਰ ਬਣਾਵੇਗਾ ਅਤੇ ਆਪਣੇ ਦੋ ਪੁੱਤਰਾਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਸਾਨੂੰ ਲਾਟਰੀ ਵਿਕਰੇਤਾ ਦਾ ਫੋਨ ਆਇਆ ਕਿ ਤੁਸੀਂ 1 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਤਾਂ ਪਹਿਲਾਂ ਤਾਂ ਸਾਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ। ਫਿਰ ਜਦੋਂ ਅਸੀਂ ਆਨਲਾਈਨ ਚੈੱਕ ਕੀਤਾ ਤਾਂ ਅਸੀਂ ਬਹੁਤ ਖ਼ੁਸ਼ ਹੋਏ।

    ਉਨ੍ਹਾਂ ਨੇ ਤੁਰੰਤ ਸ਼ਿਵਮ ਏਜੰਸੀ ਦੇ ਜ਼ਰੀਏ ਲੁਧਿਆਣਾ ਵਿਖੇ ਨਾਗਾਲੈਂਡ ਲਾਟਰੀ ਦੇ ਦਫ਼ਤਰ ਪਹੁੰਚ ਕੇ ਆਪਣੇ ਜੇਤੂ ਟਿਕਟ ਦੀ ਪੁਸ਼ਟੀ ਕੀਤੀ।

    ਸਥਾਨਕ ਵਾਸੀਆਂ ਨੇ ਸੁਖਦੇਵ ਸਿੰਘ ਨੂੰ ਇਸ ਜਿੱਤ ਲਈ ਵਧਾਈ ਦਿੱਤੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਸੁਖਦੇਵ ਸਿੰਘ ਦੀ ਇਹ ਜਿੱਤ ਪਿੰਡ ਵਾਸੀਆਂ ਲਈ ਗਰਵ ਦਾ ਮੌਕਾ ਹੈ। ਉਨ੍ਹਾਂ ਦੇ ਮਾਮਲੇ ਨੇ ਦਿਖਾਇਆ ਹੈ ਕਿ ਨਸੀਬ ਕਿਸੇ ਵੀ ਵੇਲੇ ਕਿਸੇ ਦਾ ਵੀ ਦਵਾਰ ਖਟਖਟਾ ਸਕਦਾ ਹੈ।