ਨਵੀਂ ਦਿੱਲੀ— ਬੈਂਕ ਖਾਤਾਧਾਰਕਾਂ ਲਈ ਵਧੀਆ ਖ਼ਬਰ ਹੈ ਕਿਉਂਕਿ ਡਿਜੀਟਲ ਲੈਣ-ਦੇਣ ਕਰਨ ‘ਤੇ ਕੱਟੇ ਗਏ ਪੈਸੇ ਜਲਦ ਹੀ ਤੁਹਾਨੂੰ ਵਾਪਸ ਮਿਲਣ ਜਾ ਰਹੇ ਹਨ।

    ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਤ ਕਰਨ ਲਈ ‘ਸੈਂਟਰਲ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.)’ ਨੇ ਕਿਹਾ ਹੈ ਕਿ ਬੈਂਕ ਇਲੈਕਟ੍ਰਾਨਿਕ ਮੋਡ ਰਾਹੀਂ ਕੀਤੇ ਟ੍ਰਾਂਜੈਕਸ਼ਨ ਯਾਨੀ ਲੈਣ-ਦੇਣ ‘ਤੇ ਕੋਈ ਵਾਧੂ ਚਾਰਜ ਨਹੀਂ ਲਾ ਸਕਦੇ। ਨਵਾਂ ਨਿਯਮ 1 ਜਨਵਰੀ, 2020 ਤੋਂ ਲਾਗੂ ਹੈ।

    ਸੈਂਟਰਲ ਡਾਇਰੈਕਟ ਟੈਕਸ ਬੋਰਡ ਨੇ ਇਕ ਬਿਆਨ ‘ਚ ਕਿਹਾ, ”ਪੇਮੈਂਟ ਐਂਡ ਸੈਟੇਲਮੈਂਟ ਸਿਸਟਮਸ (ਪੀ. ਐੱਸ. ਐੱਸ.) ਐਕਟ ਦੀ ਧਾਰਾ 10-ਏ ਦੇ ਆਧਾਰ ‘ਤੇ ਐੱਮ. ਡੀ. ਆਰ. ਸਮੇਤ ਕੋਈ ਵੀ ਚਾਰਜ 1 ਜਨਵਰੀ 2020 ਨੂੰ ਜਾਂ ਇਸ ਤੋਂ ਬਾਅਦ ਲਾਗੂ ਨਹੀਂ ਹੈ।

    ਬੈਂਕਾਂ ਨੂੰ 1 ਜਨਵਰੀ 2020 ਨੂੰ ਜਾਂ ਇਸ ਤੋਂ ਬਾਅਦ ਡਿਜੀਟਲ ਟ੍ਰਾਂਜੈਕਸ਼ਨ ਲਈ ਗਾਹਕਾਂ ਤੋਂ ਇਕੱਤਰ ਕੀਤੇ ਗਏ ਚਾਰਜਾਂ ਨੂੰ ਵਾਪਸ ਕਰ ਦੇਣ ਦੀ ਸਲਾਹ ਦਿੱਤੀ ਗਈ ਹੈ। ਇਲੈਕਟ੍ਰਾਨਿਕ ਮੋਡ ਜ਼ਰੀਏ ਹੋਣ ਵਾਲੇ ਲੈਣ-ਦੇਣ ‘ਚ ਰੁਪੈ ਡੈਬਿਟ ਕਾਰਡ, ਯੂ. ਪੀ. ਆਈ., ਯੂ. ਪੀ. ਆਈ. QR ਕੋਡ, ਭੀਮ ਯੂ. ਪੀ. ਆਈ. QR ਕੋਡ ਸ਼ਾਮਲ ਹਨ।

    ਸੀ. ਬੀ. ਡੀ. ਟੀ. ਨੇ ਨੋਟਿਸ ਕੀਤਾ ਕਿ ਕੁਝ ਬੈਂਕ ਇਕ ਨਿਸ਼ਚਿਤ ਸੀਮਾ ਤੋਂ ਬਾਅਦ ਯੂ. ਪੀ. ਆਈ. ਲੈਣ-ਦੇਣ ‘ਤੇ ਚਾਰਜ ਵਸੂਲ ਰਹੇ ਹਨ। ਸੀ. ਬੀ. ਡੀ. ਟੀ. ਨੇ ਸਰਕੂਲਰ ‘ਚ ਕਿਹਾ ਕਿ ਇਹ ਪੀ. ਐੱਸ. ਐੱਸ. ਦੀ ਧਾਰਾ 10-ਏ ਦੇ ਨਾਲ-ਨਾਲ ਇਨਕਮ ਟੈਕਸ ਕਾਨੂੰਨ ਦੀ ਧਾਰਾ 269SU ਦੀ ਉਲੰਘਣਾ ਹੈ। ਇਸ ਲਈ, ਬੈਂਕ ਯੂ. ਪੀ. ਆਈ. ਲੈਣ-ਦੇਣ ਲਈ ਕੋਈ ਵਾਧੂ ਚਾਰਜ ਨਹੀਂ ਲਾ ਸਕਦੇ।