ਸੱਤਾਧਾਰੀ ਧਿਰ ਦੀ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਕੰਮ : ਐਡਵੋਕੇਟ ਬਲਵਿੰਦਰ ਕੁਮਾਰ
ਮਿੱਥ ਕੇ ਸਾਜਿਸ਼ਨ ਝੂਠਾ ਪਰਚਾ ਦਰਜ ਕਰਨ ਵਾਲੇ ਥਾਣਾ ਮੁਖੀ ਸਿਕੰਦਰ ਸਿੰਘ ਨੂੰ ਡਿਸਮਿਸ ਕੀਤਾ ਜਾਵੇ : ਬਸਪਾ
ਜਲੰਧਰ (ਵਿੱਕੀ ਸੂਰੀ) : ਬਹੁਜਨ ਸਮਾਜ ਪਾਰਟੀ ( ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਮਿਤੀ 23 ਸਤੰਬਰ, 2023 ਨੂੰ ਪੰਜਾਬ ਪ੍ਰੈਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਹਲਕਾ ਕਰਤਾਰਪੁਰ ‘ਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੀ ਵਿਰੋਧੀ ਰਾਜਨੀਤਕ ਧਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਅਕਾਲੀ-ਬਸਪਾ ਗੱਠਜੋੜ ਤਹਿਤ ਆਪ ਦੇ ਹਲਕਾ ਕਰਤਾਰਪੁਰ ਤੋਂ ਮੌਜ਼ੂਦਾ ਵਿਧਾਇਕ ਤੇ ਮੰਤਰੀ ਸ. ਬਲਕਾਰ ਸਿੰਘ, ਜੋ ਕਿ ਸਾਬਕਾ ਡੀਸੀਪੀ ਰਹੇ ਹਨ, ਖਿਲਾਫ ਚੋਣ ਲੜੀ ਸੀ। ਜਿਸ ਕਰਤਾਰਪੁਰ ਹਲਕੇ ਤੋਂ ਮੰਤਰੀ ਬਲਕਾਰ ਸਿੰਘ ਨੁਮਾਇੰਦਗੀ ਕਰ ਰਹੇ ਹਨ, ਉਸ ਹਲਕੇ ‘ਚ ਹੀ ਉਨ੍ਹਾਂ ਸਮੇਤ ਬਸਪਾ ਦੇ 13 ਨੇਤਾਵਾਂ ਤੇ 150 ਅਣਪਛਾਤੇ ਬਸਪਾ ਵਰਕਰਾਂ ‘ਤੇ ਝੂਠਾ ਹਾਈਵੇ ਐਕਟ ਦਾ ਪਰਚਾ (ਐਫਆਈਆਰ 85/23) ਮਿਤੀ 23 ਜੁਲਾਈ, 2023 ਨੂੰ ਥਾਣਾ ਮਕਸੂਦਾਂ ‘ਚ ਨਸ਼ੇ ਦੇ ਮੁੱਦੇ ‘ਤੇ ਪ੍ਰਦਰਸ਼ਨ ਕਰਨ ‘ਤੇ ਕੀਤਾ ਗਿਆ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਐਸਐਸਪੀ ਜਲੰਧਰ ਦਿਹਾਤੀ ਸ. ਮੁਖਵਿੰਦਰ ਸਿੰਘ ਭੁੱਲਰ ਦੀ ਜਾਣਕਾਰੀ ‘ਚ ਹੁੰਦਿਆਂ ਹੋਇਆਂ ਵੀ, ਕਿ ਅਸੀਂ ਕੋਈ ਜਾਮ ਨਹੀਂ ਕੀਤਾ, ਇਸਦੇ ਬਾਵਜੂਦ ਥਾਣਾ ਮਕਸੂਦਾਂ ਦੇ ਐਸਐਚਓ ਸਿਕੰਦਰ ਸਿੰਘ ਨੇ ਮਿੱਥ ਕੇ ਸਾਜਿਸ਼ਨ ਸਾਡੇ ‘ਤੇ ਝੂਠਾ ਹਾਈਵੇ ਐਕਟ ਦਾ ਪਰਚਾ ਦਰਜ ਕੀਤਾ ਹੈ। ਪੁਲਿਸ ਅਫਸਰਾਂ ਵੱਲੋਂ ਬਸਪਾ- ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਤਹਿਤ ਥਾਣਾ ਮੁਖੀ ਸਿੰਕਦਰ ਸਿੰਘ ਨੇ ਖੁਦ ਹੀ ਆਪਣੇ ਸਾਥੀ ਮੁਲਾਜ਼ਮਾਂ ਰਾਹੀਂ ਅੱਡਾ ਨੂਰਪੁਰ ਵਿਖੇ ਜਲੰਧਰ-ਪਠਾਨਕੋਟ ਹਾਈਵੇ ‘ਤੇ ਟ੍ਰੈਫਿਕ ਰੋਕਿਆ ਅਤੇ ਜਾਮ ਦਾ ਮੁੱਦਾ ਬਣਾ ਕੇ ਸਾਡੇ ‘ਤੇ ਝੂਠਾ ਪਰਚਾ ਦਰਜ ਕਰ ਦਿੱਤਾ। ਥਾਣਾ ਮੁਖੀ ਸਿਕੰਦਰ ਸਿੰਘ ਵੱਲੋਂ ਹਾਈਵੇ ਜਾਮ ਸਬੰਧੀ ਜੋ ਫੋਟੋਆਂ ਖਿੱਚ ਕੇ ਮੀਡੀਆ ਨੂੰ ਭੇਜੀਆਂ ਗਈਆਂ, ਉਨ੍ਹਾਂ ਨੂੰ ਵੀ ਧਿਆਨ ਨਾਲ ਦੇਖਣ ਨਾਲ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਅਸੀਂ ਕੋਈ ਜਾਮ ਨਹੀਂ ਕੀਤਾ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਡੀਆਈਜੀ ਜਲੰਧਰ ਰੇਂਜ ਸ੍ਰੀ ਸਵਪਨ ਸ਼ਰਮਾ ਵੱਲੋਂ ਇਨਕੁਆਰੀ ਹੁਸ਼ਿਆਰਪੁਰ ਪੁਲਿਸ ਨੂੰ ਮਿਤੀ 25 ਜੁਲਾਈ, 2023 ਨੂੰ ਭੇਜੀ ਗਈ ਸੀ। ਇਸ ਕੇਸ ਦੀ ਇਨਕੁਆਰੀ ਹੁਸ਼ਿਆਰਪੁਰ ਪੁਲਿਸ ਦੇ ਡੀਐਸਪੀ (ਐਨਡੀਪੀਐਸ) ਸ. ਜਗੀਰ ਸਿੰਘ ਕੋਲ ਲੱਗੀ ਹੈ ਤੇ ਇਸਨੂੰ ਦੋ ਮਹੀਨੇ ਹੋ ਗਏ ਹਨ, ਪਰ ਉਨ੍ਹਾਂ ਦੇ ਵਾਰ-ਵਾਰ ਥਾਣਾ ਮਕਸੂਦਾਂ ਮੁਖੀ ਸਿਕੰਦਰ ਸਿੰਘ ਕੋਲ ਕੇਸ ਦੀ ਮਿਸਲ ਮੰਗਵਾਉਣ ’ਤੇ ਵੀ ਨਹੀਂ ਭੇਜੀ ਜਾ ਰਹੀ ਹੈ।
ਦੂਜੇ ਪਾਸੇ ਮਿਤੀ 27 ਜੁਲਾਈ, 2023 ਨੂੰ ਆਪ ਆਗੂਆਂ ਤੇ ਵਰਕਰਾਂ ਵੱਲੋਂ ਦੋ ਘੰਟੇ ਹਲਕਾ ਫਿਲੌਰ ’ਚ ਰੋਡ ਜਾਮ ਕੀਤਾ ਗਿਆ, ਪਰ ਐਸਐਸਪੀ ਜਲੰਧਰ ਦਿਹਾਤੀ ਸ. ਮੁਖਵਿੰਦਰ ਸਿੰਘ ਭੁੱਲਰ ਵੱਲੋਂ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦਕਿ ਜਾਮ ਕਰਕੇ ਵੱਡੇ ਪੱਧਰ ’ਤੇ ਲੋਕ ਪਰੇਸ਼ਾਨ ਹੋਏ ਤੇ ਇਸ ਦੀਆਂ ਵੀਡੀਓ ਵੀ ਮੌਜੂਦ ਹਨ।
ਇਸ ਤਰ੍ਹਾਂ ਹੀ ਹਲਕਾ ਕਰਤਾਰਪੁਰ ਦੇ ਪਿੰਡ ਕਲਿਆਣਪੁਰ ਦੇ ਅਕਾਲੀ ਬਸਪਾ ਠਜੋੜ ਦੇ ਹਮਾਇਤੀ ਰਹੇ ਸਾਬਕਾ ਸਰਪੰਚ ਇਕਬਾਲ ਸਿੰਘ ਤੇ ਥਾਣਾ ਲਾਂਬੜਾ ‘ਚ ਪਹਿਲਾਂ ਝੂਠੀ ਧਾਰਾ 307 (ਐਫਆਈਆਰ 48/2 3) ਲਗਾ ਕੇ ਉਸਨੂੰ ਜੇਲ੍ਹ ਭੇਜਿਆ ਗਿਆ ਤੇ ਫਿਰ ਉਸ ਦੇ ਮਹੀਨੇ ਬਾਅਦ ਜ਼ਮਾਨਤ ਹੋਣ ਤੋਂ ਬਾਅਦ ਉਸ ‘ਤੇ ਇੱਕ ਹੋਰ ਝੂਠਾ 307 ਦਾ ਪਰਚਾ ਪਾ ਦਿੱਤਾ ਗਿਆ।
3. ਇਸ ਤੋਂ ਇਲਾਵਾ ਇੱਕ ਹੋਰ ਝੂਠਾ ਪਰਚਾ (ਐਫਆਈਆਰ ਨੰਬਰ 127/22, ਧਾਰਾ-354, ਅਸਲਾ ਐਕਟ) ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਪਿੰਡ ਮੰਨਣ ਦੇ ਬਸਪਾ ਵਰਕਰ ਰਾਜੂ ਤੇ ਉਸਦੇ ਸਾਥੀਆਂ ‘ਤੇ ਕੀਤਾ ਗਿਆ। ਇਹ ਪਰਚਾ ਉਨ੍ਹਾਂ ‘ਤੇ ਸਿਰਫ ਇਸ ਕਰਕੇ ਕੀਤਾ ਗਿਆ, ਕਿਉਂਕਿ ਰਾਜੂ ਨੇ ਪਿੰਡ ਦੇ ਹੀ ਆਪ ਸਮਰਥਕਾਂ ਖਿਲਾਫ ਕੁੱਟਮਾਰ ਸਬੰਧੀ ਇੱਕ ਪਰਚਾ (ਐਫਆਈਆਰ 126/22) ਥਾਣਾ ਕਰਤਾਰਪੁਰ ‘ਚ ਦਰਜ ਕਰਵਾਇਆ ਸੀ। ਉਸਨੂੰ ਕਾਊਂਟਰ ਕਰਨ ਲਈ ਉਸ ਐਫਆਈਆਰ ਦੇ ਤੁਰੰਤ ਬਾਅਦ ਇਕ ਝੂਠੀ ਕਹਾਣੀ ਘੜ ਕੇ ਆਪ ਸਮਰਥਕਾਂ ਵੱਲੋਂ ਝੂਠਾ ਪਰਚਾ ਰਾਜੂ ਤੇ ਉਸਦੇ ਸਾਥੀਆਂ ‘ਤੇ ਕਰਵਾ ਦਿੱਤਾ ਗਿਆ, ਜਿਸਦੀ ਥਾਣਾ ਕਰਤਾਰਪੁਰ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ। ਇਸ ਸਬੰਧੀ ਇਨਕੁਆਰੀ ਐਸਐਸਪੀ ਜਲੰਧਰ ਕੋਲ ਲਗਵਾਈ ਸੀ, ਜੋ ਕਿ ਅਜੇ ਵੀ ਪੈਂਡਿੰਗ ਹੈ।
ਇਸ ਸਬੰਧੀ ਅਸੀਂ ਉਸ ਸਮੇਂ ਐਸਐਸਪੀ ਸਵਰਨਦੀਪ ਸਿੰਘ ਨੂੰ ਵੀ ਕਈ ਵਾਰ ਮਿਲੇ ਤੇ ਉਨ੍ਹਾਂ ਇਹ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਤੋਂ ਬਾਅਦ ਮੌਜ਼ੂਦਾ ਐਸਐਸਪੀ ਸ. ਮੁਖਵਿੰਦਰ ਸਿੰਘ ਭੁੱਲਰ ਨੂੰ ਵੀ ਕਈ ਵਾਰ ਮਿਲੇ ਅਤੇ ਉਨ੍ਹਾਂ ਨੂੰ ਇਹ ਪਰਚਾ ਰੱਦ ਕਰਨ ਲਈ ਕਿਹਾ ਤੇ ਉਨ੍ਹਾਂ ਕਿਹਾ ਕਿ ਉਹ ਰੱਦ ਕਰ ਦੇਣਗੇ। ਪਰ ਹੈਰਾਨੀ ਉਦੋਂ ਹੋਈ ਜਦੋਂ ਸਾਨੂੰ ਪਤਾ ਲੱਗਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਚੁੱਪ ਚਪੀਤੇ ਇਸ ਕੇਸ ‘ਚ ਪੀ.ਓ. ਕਾਰਵਾਈ ਅਦਾਲਤ ‘ਚ ਸ਼ੂਰ ਕਰ ਦਿੱਤੀ ਗਈ ਹੈ ਅਤੇ ਅਦਾਲਤ ‘ਚ ਗਲਤ ਤੱਥ ਪੇਸ਼ ਕਰਕੇ ਇਹ ਕਿਹਾ ਗਿਆ ਹੈ ਕਿ ਰਾਜੂ ਤੇ ਉਸਦੇ ਸਾਥੀ ਪਰਚਾ ਹੋਣ ਤੋਂ ਬਾਅਦ ਤੋਂ ਹੀ ਪਿੰਡ ਤੋਂ ਭੱਜੇ ਹੋਏ ਹਨ। ਜਦਕਿ ਰਾਜੂ ਤੇ ਉਸਦੇ ਸਾਥੀ ਵਾਰ-ਵਾਰ ਇਨਸਾਫ ਲਈ ਪੁਲਿਸ ਅਫਸਰਾਂ ਨੂੰ ਮਿਲਦੇ ਆ ਰਹੇ ਹਨ। ਇਸ ਸਬੰਧੀ ਅਦਾਲਤ ਨੇ 20 ਅਕਤੂਬਰ ਨੂੰ ਰਾਜੂ ਧਿਰ ਨੂੰ ਪੱਖ ਰੱਖਣ ਲਈ ਕਿਹਾ ਹੈ, ਜਿੱਥੇ ਪੱਖ ਰੱਖ ਕੇ ਇਹ ਸਾਰੀ ਸਥਿਤੀ ਸਪਸ਼ਟ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸਾਡੇ ਕਈ ਵਰਕਰਾਂ ‘ਤੇ ਝੂਠੀ ਦਰਖਾਸਤਾਂ ਸੰਤ੍ਰਾਧਾਰੀ ਧਿਰ ਦੇ ਪ੍ਰਭਾਵ ਹੇਠ ਦਿੱਤੀਆਂ ਗਈਆਂ, ਜੋ ਕਿ ਅਸੀਂ ਬੰਦ ਕਰਵਾਈਆਂ।
ਬਸਪਾ ਆਗੂ ‘ ਨੇ ਕਿਹਾ ਕਿ ਉਹ ਡੀਜੀਪੀ ਪੰਜਾਬ ਨੂੰ ਅਪੀਲ ਕਰਦੇ ਹਨ ਕਿ ਉਹ ਹਲਕਾ ਕਰਤਾਰਪੁਰ ‘ਚ ਜਲੰਧਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਵਿਰੋਧੀ ਧਿਰ ਖਿਲਾਫ ਕੀਤੇ ਜਾ ਰਹੇ ਝੂਠੇ ਪਰਚਿਆਂ ਦੀ ਜਾਂਚ ਕਰਾਉਣ ਤੇ ਇਨ੍ਹਾਂ ਨੂੰ ਰੱਦ ਕਰਵਾ ਕੇ ਧੱਕੇਸ਼ਾਹੀ ਨੂੰ ਰੁਕਵਾਉਣ। ਇਸ ਤੋਂ ਇਲਾਵਾ ਥਾਣਾ ਮਕਸੂਦਾਂ ਮੁਖੀ ਸਿਕੰਦਰ ਸਿੰਘ, ਜਿਸ ਵੱਲੋਂ ਮਿੱਥ ਕੇ ਸਾਜਿਸ਼ਨ ਬਸਪਾ ਆਗੂਆਂ ਤੇ ਵਰਕਰਾਂ ਖਿਲਾਫ ਐਕਟ ਦਾ ਪਰਚਾ ਦਰਜ ਕੀਤਾ ਗਿਆ ਹੈ, ਉਸਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਇਸ ਮੌਕੇ ਬਸਪਾ ਸੂਬਾ ਸਕੱਤਰ ਇੰਜ ਜਸਵੰਤ ਰਾਏ, ਜ਼ਿਲ੍ਹਾ ਇੰਚਾਰਜ ਸੁਖਵਿੰਦਰ ਬਿੱਟੂ ਤੇ ਮਦਨ ਲਾਲ ਮੰਦੀ, ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਬਸਪਾ ਆਗੂ ਦੇਵਰਾਜ ਸੁਮਨ, ਸ਼ਾਦੀ ਲਾਲ, ਅਮਰਜੀਤ ਸਿੰਘ ਨੰਗਲ, ਪ੍ਰਭਜਿੰਦਰ ਸਿੰਘ ਪੱਤੜ, ਗਿਆਨ ਚੰਦ ਕਰਤਾਰਪੁਰ, ਜਗਦੀਸ਼ ਦੀਸ਼ਾ ਬੂਟਾ ਮੰਡੀ, ਕਮਲਦੀਪ ਬਾਦਸ਼ਾਹਪੁਰ ਆਦਿ ਵੀ ਮੌਜ਼ੂਦ ਸਨ।