ਕੈਨੇਡਾ ‘ਚ ਅੱਗ ਦਾ ਕਹਿਰ: ਲੁਧਿਆਣਾ ਦੇ ਪਿੰਡ ਆਲੀਵਾਲ ਦੇ ਬਜ਼ੁਰਗ ਪੰਜਾਬੀ ਜੋੜੇ ਦੀ ਦਰਦਨਾਕ ਮੌਤ

ਹੰਬੜਾਂ/ਐਡਮਿੰਟਨ (ਅਰਸ਼ਦੀਪ ਸਿੰਘ ਕਾਲੜਾ): ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਇੱਕ ਭਿਆਨਕ ਅੱਗ ਦੀ ਘਟਨਾ ਦੌਰਾਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਨਾਲ ਸਬੰਧਤ ਬਜ਼ੁਰਗ ਜੋੜੇ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਐਡਮਿੰਟਨ ਦੇ 132 ਐਵੇਨਿਊ ਅਤੇ 82 ਸਟ੍ਰੀਟ ਨੇੜੇ ਸਥਿਤ ਤਿੰਨ ਮੰਜ਼ਿਲਾ ਰਿਹਾਇਸ਼ੀ ਤੇ ਕਮਰਸ਼ੀਅਲ ਇਮਾਰਤ ਵਿੱਚ ਅੱਗ ਲੱਗਣ ਕਾਰਨ ਵਾਪਰਿਆ, ਜਿਸ ਨਾਲ ਇਲਾਕੇ ਅਤੇ ਪਿੰਡ ਆਲੀਵਾਲ ਵਿੱਚ ਸੋਗ ਦੀ ਲਹਿਰ ਦੌੜ ਗਈ।

ਮ੍ਰਿਤਕਾਂ ਦੀ ਪਛਾਣ ਮੇਜਰ ਸਿੰਘ ਭੰਡਾਲ (82) ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ (80) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਰਹਿ ਰਹੇ ਸਨ, ਜਿੱਥੇ ਅੱਗ ਨੇ ਭਿਆਨਕ ਰੂਪ ਧਾਰ ਲਿਆ।

ਮ੍ਰਿਤਕ ਜੋੜੇ ਦੇ ਭਤੀਜੇ ਪੰਚ ਜਗਪਾਲ ਸਿੰਘ ਭੋਲਾ (ਟੈਂਟ ਵਾਲੇ) ਅਤੇ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਮੇਜਰ ਸਿੰਘ ਭੰਡਾਲ ਦੀ ਮ੍ਰਿਤਕ ਦੇਹ ਦੀ ਪਛਾਣ ਐਡਮਿੰਟਨ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕਰ ਲਈ ਗਈ ਹੈ। ਹਾਲਾਂਕਿ ਸੁਰਿੰਦਰ ਕੌਰ ਅੱਗ ਦੀ ਭਿਆਨਕ ਲਪੇਟ ਵਿੱਚ ਆ ਗਏ ਸਨ ਅਤੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਨਾ ਪੈਣ ਕਾਰਨ ਉਨ੍ਹਾਂ ਦੀ ਦੇਹ ਬਰਾਮਦ ਨਹੀਂ ਹੋ ਸਕੀ। ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਦੀ ਵੀ ਪੁਸ਼ਟੀ ਕਰ ਦਿੱਤੀ ਗਈ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੇਜਰ ਸਿੰਘ ਭੰਡਾਲ ਅਤੇ ਸੁਰਿੰਦਰ ਕੌਰ ਆਪਣੀ ਬੇਟੀ ਸੰਦੀਪ ਕੌਰ ਕੋਲ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਇਸ ਅਚਾਨਕ ਵਾਪਰੇ ਹਾਦਸੇ ਨੇ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ।

ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦੇ ਹੀ ਪਿੰਡ ਆਲੀਵਾਲ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਮ੍ਰਿਤਕ ਜੋੜੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।