ਅਸੀਂ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹਾਂ ਪਰ ਪ੍ਰਮੁੱਖ ਗਵਾਹਾਂ ਦੇ ਬਿਆਨਾਂ ਨੂੰ ਧਿਆਨ ਵਿਚ ਰੱਖ ਕੇ ਉਸਨੂੰ ਸਜ਼ਾ ਦੇਣੀ ਬਣਦੀ ਸੀ: ਕਾਲਕਾ, ਕਾਹਲੋਂ

    ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚ ਮੁਲਜ਼ਮ ਸੱਜਣ ਕੁਮਾਰ ਨੂੰ ਦੂਜੇ ਕੇਸ ਵਿਚ ਬਰੀ ਕਰਨ ਦੇ ਨਿਆਂਪਾਲਿਕਾ ਦੇ ਫੈਸਲੇ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਤੇ ਫੈਸਲਾ ਸੁਣਾਉਣ ਸਮੇਂ ਅਦਾਲਤ ਨੂੰ ਮੁੱਖ ਗਵਾਹ ਜੋਗਿੰਦਰ ਸਿੰਘ ਸਮੇਤ ਹੋਰ ਗਵਾਹਾਂ ਦੇ ਬਿਆਨ ਧਿਆਨ ਵਿਚ ਰੱਖਣੇ ਚਾਹੀਦੇ ਸਨ।

    ਅੱਜ ਇਥੇ 1984 ਦੇ ਕਤਲੇਆਮ ਦੇ ਪੀੜਤਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਪਸ਼ਟ ਗਵਾਹੀਆਂ ਹੋਣ ਦੇ ਬਾਵਜੂਦ ਕਾਂਗਰਸੀ ਆਗੂ ਸੱਜਣ ਨੂੰ ਸ਼ੱਕ ਦੀ ਬਿਨਾਂ ਦਾ ਲਾਭ ਦੇ ਕੇ ਬਰੀ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਗਵਾਹ ਸਰਦਾਰ ਜੋਗਿੰਦਰ ਸਿੰਘ, ਜੋ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ, ਨੇ ਆਪਣੀ ਗਵਾਹੀ ਵਿਚ ਸਪਸ਼ਟ ਆਖਿਆਸੀ ਕਿ ਉਹ ਮੌਕੇ ਦੇ ਚਸ਼ਮਦੀਦ ਗਵਾਹ ਹਨ ਤੇ ਸੱਜਣ ਕੁਮਾਰ ਨੇ ਨਾ ਸਿਰਫ ਕਤਲੇਆਮ ਕਰਵਾਇਆ ਬਲਕਿ ਇਹ ਵੀ ਕਿਹਾ ਕਿ ਇਹਨਾਂ ਸਿੱਖਾਂ ਨੇ ਸਾਡੀ ਮਾਂ ਦਾ ਕਤਲ ਕੀਤਾ ਹੈ ਤੇ ਹੁਣ ਕੋਈ ਵੀ ਸਿੱਖ ਬਚਣਾ ਨਹੀਂ ਚਾਹੀਦਾ।

    ਉਹਨਾਂ ਕਿਹਾ ਕਿ ਬਿਨਾਂ ਸ਼ੱਕ ਅਸੀਂ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹਾਂ ਪਰ ਇਹ ਕਹਿਣ ਨੂੰ ਮਜਬੂਰ ਹਾਂ ਕਿ ਇਹ ਫੈਸਲਾ ਲੈਣ ਵਿਚ ਕਿਸੇ ਦੇ ਪੱਖ ਦੀ ਪੂਰਤੀ ਕੀਤੀ ਗਈ ਹੈ, ਇਹ ਕਹਿਣ ਤੋਂ ਦਿੱਲੀ ਗੁਰਦੁਆਰਾ ਕਮੇਟੀ ਗੁਰੇਜ਼ ਨਹੀਂ ਕਰੇਗੀ। ਉਹਨਾਂ ਕਿਹਾ ਕਿ ਇਸ ਕਤਲੇਆਮ ਦੇ ਕੇਸਾਂ ਦੀ ਲੜਾਈ ਦੇ ਚਲਦਿਆਂ 2005 ਨੇ ਕੇਸ ਸਾਡੇ ਦਬਾਅ ਕਾਰਨ ਮੁੜ ਖੋਲ੍ਹੇ ਤੇ 2010 ਤੋਂ ਸੀ ਬੀ ਆਈ ਨੇ ਚਾਰਜਸ਼ੀਟ ਪੇਸ਼ ਕੀਤੀਆਂ। ਉਹਨਾਂ ਕਿਹਾ ਕਿ ਐਸ ਆਈ ਟੀ ਬਣਨ ਮਗਰੋਂ ਸੱਜਣ ਕੁਮਾਰ ਅੰਦਰ ਹੋਇਆ। ਉਹਨਾਂ ਕਿਹਾ ਕਿ ਦੂਜੇ ਕੇਸ ਵਿਚ ਸਾਡੇ ਵਕੀਲ ਸਰਦਾਰ ਗੁਰਮੁੱਖ ਸਿੰਘ ਕੇਸ ਦੀ ਪੈਰਵੀ ਕਰ ਰਹੇ ਸਨ ਤੇ ਅਸੀਂ ਇਹ ਖਿਆਲ ਰੱਖਿਆ ਕਿ ਕਿਤੇ ਕੋਈ ਕੁਤਾਹੀ ਨਾ ਹੋਵੇ। ਉਹਨਾਂ ਕਿਹ ਕਿ ਜਿਥੇ ਕਿਤੇ ਬਹਿਸ ਦੀ ਗੱਲ ਹੁੰਦੀ ਹੈ ਤਾਂ ਅਸੀਂ ਹਮੇਸ਼ਾ ਸੀਨੀਅਰ ਵਕੀਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਸਾਲ 2018 ਵਿਚ ਆਰ ਐਸ ਚੀਮਾ ਤੇ ਐਸ ਐਚ ਫੁਲਕਾ ਵੀ ਖੜ੍ਹੇ ਰਹੇ ਹਨ।
    ਮਨਜੀਤ ਸਿੰਘ ਜੀ.ਕੇ. ’ਤੇ ਵਰ੍ਹਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਕੌਮ ਨੂੰ ਗੁੰਮਰਾਹ ਕੀਤਾ ਤੇ ਆਪਣੇ ਆਪ ਹੀਰੋ ਬਣਨ ਵਾਸਤੇ ਕੰਮ ਕਰਦੇ ਹਨ। ਜਦੋਂ ਕੌਮ ਦੀਆਂ ਭੈਣਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਸਮਾਂ, ਉਦੋਂ ਉਹ ਜ਼ਖ਼ਮਾਂ ’ਤੇ ਲੂਣ ਛਿੜਕਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਾਡੇ ਵਿਰੋਧੀ ਕੇਸ ਦੀ ਪੈਰਵੀ ਕਰਦੇ ਹੋਏ ਇਕ ਵੀ ਗਵਾਹ ਨੂੰ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਕੋਈ ਦੋਸ਼ੀ ਹੋਵੇ, ਉਸਨੂੰ ਮੁਕਰਾ ਨਹੀਂ ਸਕੇ।

    ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੇਸ ਲੜੇ ਹਨ। ਉਹਨਾਂ ਕਿਹਾ ਕਿ ਅਸੀਂ ਜਲਦੀ ਹੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਸੀ ਬੀ ਆਈ ਦੇ ਉਚ ਅਧਿਕਾਰੀਆਂ ਨੂੰ ਮਿਲਾਂਗੇ। ਉਹਨਾਂ ਕਿਹਾ ਕਿ ਕੇਸ ਕਿਉਂਕਿ ਸੀ ਬੀ ਆਈ ਨੇ ਕੀਤਾ ਸੀ, ਇਸ ਲਈ ਹਾਈ ਕੋਰਟ ਵਿਚ ਚੁਣੌਤੀ ਉਹੀ ਦੇਵੇਗੀ, ਅਸੀਂ ਸਿਰਫ ਨਾਲ ਸਾਥ ਦਿਆਂਗੇ।

    ਉਹਨਾਂ ਕਿਹਾ ਕਿ ਜਿਹੜੇ ਬਿਆਨ ਹੋਏ ਹਨ, ਇਸ ਤੋਂ ਵਧੀਆ ਤਰੀਕੇ ਨਾਲ ਬਿਆਨ ਨਹੀਂ ਹੋ ਸਕਦੇ ਸਨ। ਸਰਦਾਰ ਜੋਗਿੰਦਰ ਸਿੰਘ ਨੇ ਘਟਨਾ ਬਾਰੇ ਇਕ-ਇਕ ਗੱਲ ਦੱਸੀ ਕਿ ਉਹਨਾਂ ਦੇ ਸਾਹਮਣੇ ਕੀ ਕੀ ਕਿਵੇਂ-ਕਿਵੇਂ ਹੋਇਆ ਪਰ ਇਸਦੇ ਬਾਵਜੂਦ ਨਿਆਂਪਾਲਿਕਾ ਨੇ ਸੱਜਣ ਕੁਮਾਰ ਨੂੰ ਬਰੀ ਕੀਤਾ ਜਿਸਦੇ ਅਸੀਂ ਖਿਲਾਫ ਹਾਂ ਤੇ ਇਸਦੀ ਪੂਰੀ ਲੜਾਈ ਲੜਾਂਗੇ।
    ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜੇਕਰ ਕਿਸੇ ਕੇਸ ਵਿਚ ਅਸੀਂ ਬੈਕਫੁੱਟ ’ਤੇ ਆਉਂਦੇ ਹਾਂ ਤਾਂ ਐਡਵੋਕੇਟ ਫੂਲਕਾ ਇਸਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ ’ਤੇ ਪਾ ਦਿੰਦੇ ਹਨ ਤੇ ਜੇਕਰ ਅਸੀਂ ਕੇਸ ਜਿੱਤਦੇ ਹਾਂ ਤਾਂ ਅੱਗੇ ਹੋ ਕੇ ਸਿਹਰਾ ਆਪਣੇ ਸਿਰ ਬੰਨਣ ਦਾ ਯਤਨ ਕਰਦੇ ਹਨ। ਉਹਨਾਂ ਕਿਹਾ ਕਿ ਇਸ ਲਈ ਸਰਦਾਰ ਫੂਲਕਾ ਨੂੰ ਇਸ ਕੋਈ ਵੀ ਅਜਿਹੀ ਗੱਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਨੇ ਸਰਦਾਰ ਫੂਲਕਾ ਨੂੰ ਇਹ ਵੀ ਪੁੱਛਿਆ ਕਿ ਕਿਸ ਦਿਨ, ਕਿਹੜੇ ਮਹੀਨੇ, ਕਿਹੜੇ ਸਾਲ ਉਹਨਾਂ ਨੇ ਇਸ ਮਾਮਲੇ ’ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ।

    ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜੋ ਫੈਸਲਾ ਰਾਊਜ਼ ਅਵੈਨਿਊ ਕੋਰਟ ਤੋਂ ਆਇਆ, ਉਹ ਬਹੁਤ ਦੁਖਦਾਈ ਹੈ। ਉਹਨਾਂ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਨ ਨਾਲ ਸਿੱਖ ਹਿਰਦੇ ਝੰਜੋੜੇ ਗਏ ਹਨ। ਉਹਨਾਂ ਕਿਹਾਕਿ ਅਸੀਂ ਇਕ-ਇਕ ਤੱਥ ਨੂੰ ਬਰੀਕੀ ਨਾਲ ਵੇਖਿਆ। ਪਹਿਲਾਂ ਇਸ ਕੇਸ ਦੀ ਸੁਣਵਾਈ ਕੜਕੜਡੂਮਾ ਕੋਰਟ ਵਿਚ ਚਲ ਰਹੀ ਸੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦੇ ਕੇ ਇਸਦੀ ਸੁਣਵਾਈ ਤਬਦੀਲ ਕਰਵਾਈ। ਉਹਨਾਂ ਕਿਹਾ ਕਿ ਸਰਦਾਰ ਜੋਗਿੰਦਰ ਸਿੰਘ ਤੋਂ ਇਲਾਵਾ ਬੀਬੀ ਜਾਪ ਕੌਰ ਤੇ ਬੀਬੀ ਸ਼ੀਲਾ ਕੌਰ ਨੇ ਵੀ ਗਵਾਹੀਆਂ ਦਿੱਤੀਆਂ। ਉਹਨਾਂ ਕਿਹਾਕਿ ਇੰਨੇ ਮਜ਼ਬੂਤ ਤੱਥ ਅਦਾਲਤ ਦੇ ਸਾਹਮਣੇ ਰੱਖੇ ਗਏ। ਉਹਨਾਂ ਕਿਹਾ ਕਿ ਸਰਦਾਰ ਜਸਪ੍ਰੀਤ ਸਿੰਘ ਰਾਏ, ਢਿੱਲੋਂ ਸਾਹਿਬ ਤੇ ਸਾਰੀ ਟੀਮ ਨੇ ਕੇਸ ਦੀ ਪੈਰਵੀ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਕੇਸਾਂ ਦੀ ਸੁਣਵਾਈ ਦੌਰਾਨ ਐਡਵੋਕੇਟ ਐਚ ਐਸ ਫੂਲਕਾ ਨੇ ਮੌਕੇ ’ਤੇ ਲੋੜੀਂਦੀ ਮਦਦ ਵੀ ਕੀਤੀ। ਉਹਨਾਂ ਕਿਹਾ ਕਿ ਸਾਨੂੰ ਵਿਸ਼ਵਾਸ ਸੀ ਕਿ ਸੱਜਣ ਕੁਮਾਰ ਨੂੰ ਸਜ਼ਾ ਜ਼ਰੂਰ ਹੋਵੇਗੀ ਪਰ ਸ਼ੱਕ ਦਾ ਲਾਭ ਦੇ ਕੇ ਦੋਸ਼ੀ ਨੂੰ ਬਰੀ ਕਰਨ ਨਾਲ ਅਦਾਲਤ ਨੇ ਸਿੱਖਾਂ ਦਾ ਦਰਦ ਨਹੀਂ ਸਮਝਿਆ ਤੇ ਨਿਆਂਪਾਲਿਕਾ ਨੇ ਸਿੱਖਾਂ ਨਾਲ ਨਿਆਂ ਨਹੀਂ ਕੀਤਾ।

    ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਪੀੜਤ ਬੀਬੀਆਂ ਹਰ ਪੇਸ਼ੀ ’ਤੇ ਪਹੁੰਚੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੀੜਤਾਂ ਨੂੰ ਅਦਾਲਤ ਪਹੁੰਚਣ ਵਾਸਤੇ ਸਾਧਨ ਪ੍ਰਦਾਨ ਕੀਤੇ ਤਾਂ ਜੋ ਕਮੇਟੀ ’ਤੇ ਕੋਈ ਕਸਰ ਛੱਡਣ ਦੀ ਗੱਲ ਨਾ ਆ ਜਾਵੇ।

    ਉਹਨਾਂ ਕਿਹਾ ਕਿ ਜਿਹੜੇ ਲੋਕਾਂ ਨੇ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਬਹੁਤ ਕੁਝ ਨਾਂਹ ਪੱਖੀ ਬੋਲਿਆ ਹੈ, ਉਹ ਦੱਸਣ ਕਿ ਸੱਜਣ ਕੁਮਾਰ ਨੂੰ ਜਦੋਂ ਹੇਠਲੀ ਅਦਾਲਤ ਨੇ ਪਹਿਲੇ ਕੇਸ ਵਿਚ ਬਰੀ ਕੀਤਾ ਸੀ ਤਾਂ ਉਸ ਵੇਲੇ ਸਰਦਾਰ ਮਨਜੀਤ ਸਿੰਘ ਜੀ.ਕੇ. ਜ਼ਿੰਮੇਵਾਰੀ ਨਿਭਾ ਰਹੇ ਸਨ ਪਰ ਬਾਅਦ ਵਿਚ ਦਿੱਲੀ ਕਮੇਟੀ ਦੇ ਯਤਨਾਂ ਨਾਲ ਸੱਜਣ ਕੁਮਾਰ ਨੂੰ ਸਜ਼ਾ ਹੋਈ।

    ਉਹਨਾਂ ਕਿਹਾ ਕਿ ਇਸ ਕੇਸ ’ਤੇ ਰਾਜਨੀਤੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਦੁਸ਼ਮਣ ਨੂੰ ਮਜ਼ਬੂਤ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ 15 ਸਾਲ ਤੱਕ ਕਮੇਟੀ ਵਿਚ ਸੇਵਾ ਕੀਤੀ ਜਦੋਂ ਸਬੂਤ ਤੇ ਦਸਤਾਵੇਜ਼ ਖੁਰਦ ਬੁਰਦ ਕੀਤੇ। ਉਹਨਾਂ ਕਿਹਾ ਕਿ ਉਹਨਾਂ ਨੇ 1984 ਦੇ ਕੇਸ ਲੜਨ ਵਾਸਤੇ ਕੋਈ ਯਤਨ ਨਹੀਂ ਕੀਤਾ। ਉਹਨਾਂ ਕਿਹਾਕਿ ਸਰਨਾ ਭਰਾਵਾਂ ਨੇ ਕਾਂਗਰਸੀਆਂ ਨੂੰ ਸਿਰੋਪੇ ਪਾਏ ਜਿਸ ਤੋਂ ਸਮੁੱਚੀ ਸੰਗਤ ਜਾਣੂ ਹੈ।

    ਉਹਨਾਂ ਕਿਹਾ ਕਿ ਇਹ ਲੋਕ 1984 ਦੇ ਮਾਮਲਿਆਂ ਵਿਚ ਚੁੱਪ ਹੀ ਰਹਿਣ ਤਾਂ ਚੰਗਾ ਹੈ।

    ਉਹਨਾਂ ਕਿਹਾ ਕਿ ਇਕ ਭੁਲੇਖਾ ਸੰਗਤ ਵਿਚ ਪਾਇਆ ਜਾ ਰਿਹਾ ਹੈ ਕਿ ਸੱਜਣ ਕੁਮਾਰ ਬਾਹਰ ਆ ਜਾਵੇਗਾ ਤਾਂ ਉਹ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਸੱਜਣ ਕੁਮਾਰ ਜੇਲ੍ਹ ਵਿਚ ਹੀ ਬੰਦ ਰਹੇਗਾ ਤੇ ਉਸਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਵਾਰ-ਵਾਰ ਅਦਾਲਤਾਂ ਖਾਰਜ ਕਰ ਚੁੱਕੀਆਂ ਹਨ।

    ਉਹਨਾਂ ਨੇ ਐਡਵੋਕੇਟ ਫੂਲਕਾ ਨੂੰ ਵੀ ਅਪੀਲ ਕੀਤੀ ਕਿ ਸਿੱਖ ਕੌਮ ਏਕਜੁੱਟ ਹੋ ਕੇ 1984 ਦੇ ਕੇਸ ਲੜੇ ਤਾਂ ਜੋ ਸਫਲਤਾ ਹਾਸਲ ਕੀਤੀ ਜਾ ਸਕੇ।