ਜਲੰਧਰ : (ਵਿੱਕੀ ਸੂਰੀ) ਜਲੰਧਰ ਦਿਹਾਤ ਦੀ ਕ੍ਰਾਈਮ ਬਰਾਂਚ ਦੀ ਟੀਮ ਨੇ ਗਸ਼ਤ ਦੌਰਾਨ ਬਿੱਨੀ ਗੁੱਜਰ ਦੇ ਇਕ ਗੁਰਗੇ ਨੂੰ ਹੈਰੋਇਨ ਤੇ ਪਿਸਟਲ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।

    ਡੀਐਸਪੀ ਇਨਵੈਸਟੀਗੇਸ਼ਨ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਕ੍ਰਾਈਮ ਬਰਾਂਚ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਸਬ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਜੰਡੂ ਸਿੰਘਾ ਤੋਂ ਹੁੰਦੇ ਹੋਏ ਅੱਡਾ ਕਪੂਰ ਪਿੰਡ ਵੱਲ ਜਾ ਰਹੇ ਸਨ। ਜਦ ਪੁਲਿਸ ਪਾਰਟੀ ਹਰਲੀਨ ਵਾਟਰ ਪੁਲ਼ ਸੂਏ ਨੇੜੇ ਪੁੱਜੀ ਤਾਂ ਇਕ ਮੋਨਾ ਨੌਜਵਾਨ ਸੜਕ ਕੰਢੇ ਖੜ੍ਹਾ ਦਿਸਿਆ। ਉਸ ਨੌਜਵਾਨ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਉਹ ਘਬਰਾ ਗਿਆ ਤੇ ਹਰਲੀਨ ਵਾਟਰ ਪਾਰਕ ਵਲ ਤੁਰ ਪਿਆ। ਸ਼ੱਕ ਪੈਣ ‘ਤੇ ਪੁਲਿਸ ਪਾਰਟੀ ਨੇ ਉਸ ਨੂੰ ਰੋਕ ਕੇ ਜਦ ਨਾਂ ਪੁੱਛਿਆ ਤਾਂ ਉਸਨੇ ਸ਼ਾਹਬਾਜ ਸਿੰਘ ਉਰਫ ਸ਼ਾਹੂ ਵਾਸੀ ਮਹਲਾ ਨਿਊ ਫਤਹਿਗੜ੍ਹ ਥਾਣਾ ਮਾਡਲ ਟਾਊਨ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਤਲਾਸ਼ੀ ਲਈ ਤਾਂ ਉਸ ਦੀ ਡੱਬ ‘ਚੋਂ ਇੱਕ .32 ਬੋਰ ਦਾ ਦੇਸੀ ਪਿਸਟਲ ਬਰਾਮਦ ਹੋਇਆ ਜਿਸ ਨੂੰ ਲੋਡ ਕਰਨ ‘ਤੇ ਉਸ ਵਿਚੋਂ ਪੰਜ ਰੋਂਦ ਬਰਾਮਦ ਹੋਏ। ਉਸਦੀ ਜੇਬ ‘ਚੋਂ ਇੱਕ ਨਜ਼ਣੀ ਮੋਮੀ ਲਫਾਫਾ ਵੀ ਬਰਾਮਦ ਹੋਇਆ ਜਿਸ ਵਿੱਚੋਂ ਹੈਰੋਇਨ ਮਿਲੀ। ਇਸ ਦਾ ਇਲੈਕਟ੍ਰਾਨਿਕ ਕੰਡੇ ‘ਤੇ ਵਜ਼ਨ ਕੀਤਾ ਗਿਆ ਤਾਂ ਉਹ 210 ਗ੍ਰਾਮ ਨਿਕਲੀ ਜਿਸ ‘ਤੇ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਐੱਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਥਾਣਾ ਪਤਾਰਾ ‘ਚ ਅਸਲਾ ਅੇਕਟ ਤੇ ਐਨਡੀਪੀਐਸ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।