ਗੁਰਾਇਆ,(ਵਿੱਕੀ ਸੂਰੀ)- ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ‘ਤੇ 28 ਅਤੇ 29 ਮਾਰਚ ਨੂੰ ਦੇਸ਼ ਵਿਆਪੀ ਕੀਤੀ ਜਾ ਰਹੀ ਹੜਤਾਲ ਦੇ ਸਮਰਥਨ ਵਿੱਚ ਅੱਜ ਦੂਜੇ ਦਿਨ ਗੁਰਾਇਆ ਵਿਖੇ ਬਲਵੀਰ ਸਿੰਘ ਦੀ ਅਗਵਾਈ ਵਿੱਚ ਰੈਲੀ ਕਰਕੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਕਿਹਾ ਕਿ ਇਹ ਹੜਤਾਲ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ ਨੂੰ ਬੜਾਵਾ ਦੇਣ ਵਾਲੀਆਂ ਨੀਤੀਆਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ।ਮੋਦੀ ਸਰਕਾਰ ਵਲੋਂ 74 ਸਾਲਾਂ ਵਿੱਚ ਉਸਾਰੇ ਗਏ ਪਬਲਿਕ ਅਦਾਰਿਆਂ ਨੂੰ ਅੰਬਾਨੀਆਂ ਆਡਾਨੀਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਨਿੱਜੀਕਰਨ ਵੱਲ ਨੂੰ ਪੂਰੀ ਤੇਜ਼ੀ ਨਾ ਵਧਿਆ ਜਾ ਰਿਹਾ ਹੈ।ਪਬਲਿਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ,ਹਰ ਪ੍ਰਕਾਰ ਦੇ ਕੱਚੇ ਕਾਮਿਆਂ ਨੂੰ ਪੂਰੇ-ਪੂਰੇ ਗਰੇਡਾਂ ਵਿੱਚ ਰੈਗੂਲਰ ਕੀਤਾ ਜਾਵੇ, ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਜਿੰਦਗੀ ਜਿਊਂਣਯੋਗ ਤਨਖਾਹ ਦਿੱਤੀ ਜਾਵੇ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਕੇ ਕੰਮ ਦੇ ਘੰਟੇ 12 ਤੋਂ ਘਟਾ ਕੇ 08 ਘੰਟੇ ਕੀਤੇ ਜਾਣ, ਹਰ ਵਿਭਾਗ ਵਿੱਚ ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ,ਨਵੀਂ ਪੈਂਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕੀਤੀ ਜਾਵੇ,ਮਨਰੇਗਾ ਵਰਕਰਾਂ ਨੂੰ ਸਾਲ ਦੌਰਾਨ 250 ਦਿਨਾ ਦਾ ਕੰਮ ਅਤੇ 600/-ਰੁਪਏ ਦਿਹਾੜੀ ਦਿੱਤੀ ਜਾਵੇ, ਵਿਕਾਸ ਟੈਕਸ ਦੇ ਨਾਂ ਤੇ 200/-ਰੁਪਏ ਮਹੀਨਾ ਦੀ ਕੀਤੀ ਜਾਂਦੀ ਜ਼ਬਰੀ ਜਜੀਆ ਕਟੌਤੀ ਬੰਦ ਕੀਤੀ ਜਾਵੇ, ਪੈਂਨਸ਼ਨਰਾਂ ਨੂੰ ਮੁਲਾਜ਼ਮਾਂ ਵਾਂਗ 2.59ਦਾ ਗਣਾਂਕ ਦੇ ਕੇ ਪੈਨਸ਼ਨ ਰੀਵਾਈਜ਼ ਕੀਤੀ ਜਾਵੇ, ਅਧੂਰੇ 06ਵੇਂ ਪੇ ਕਮਿਸ਼ਨ ਦੀਆਂ ਸਿਪਾਰਸ਼ਾਂ ਨੂੰ ਸੋਧ ਕੇ ਲਾਗੂ ਅਤੇ ਬੰਦ ਕੀਤੇ ਭੱਤੇ ਬਹਾਲ ਕਰਵਾਉਣ, ਇਨਸਾਫ ਪਸੰਦ ਅਤੇ ਸੰਘਰਸ਼ ਸ਼ੀਲ ਲੋਕਾਂ ਨੂੰ ਦਬਾਉਣ ਲਈ ਬਣਾਏ ਐਸਮਾ ਵਰਗੇ ਕਾਲੇ ਕਾਨੂੰਨ ਰੱਦ ਕਰਵਾਉਣ,ਬੇਰੁਜ਼ਗਾਰਾਂ ਨੂੰ ਗੁਜਾਰੇ ਯੋਗ ਬੇਰੁਜ਼ਗਾਰੀ ਭੱਤਾ ਅਤੇ 60 ਸਾਲ ਤੋਂ ਉੱਪਰ ਹਰ ਨਾਗਰਿਕ ਨੂੰ ਗੁਜਾਰੇ ਯੋਗ ਬੁਢਾਪਾ ਪੈਂਨਸ਼ਨ ਦਿੱਤੀ ਜਾਵੇ। ਇਸ ਸਮੇ ਹੋਰਨਾਂ ਤੋਂ ਇਲਾਵਾ ਤਾਰਾ ਸਿੰਘ ਬੀਕਾ,ਕੁਲਦੀਪ ਸਿੰਘ ਕੌੜਾ,ਬਲਵਿੰਦਰ ਕੁਮਾਰ ਬਲਵੀਰ ਸਿੰਘ, ਨਿਰਮੋਲਕ ਸਿੰਘ ਹੀਰਾ,ਬੂਟਾ ਰਾਮ ਅਕਲਪੁਰਰਤਨ ਸਿੰਘ ,ਰਾਜ ਕੁਮਾਰ, ਦੇਵ ਰਾਜ, ਅਜੀਤ ਸਿੰਘ, ਸੂਰਜ ਕੁਮਾਰ, ਮਰਗੇਸ਼ਨ ਆਦਿ ਸਾਥੀ ਹਾਜ਼ਰ ਹੋਏ।