ਚੰਡੀਗੜ੍ਹ ਦੇ ਮੌਲੀਜਾਗਰਾਂ ਵਿੱਚ 10–12 ਬਦਮਾਸ਼ਾਂ ਵੱਲੋਂ ਦੋ ਨੌਜਵਾਨਾਂ ‘ਤੇ ਹਮਲਾ, ਇੱਕ ਦੀ ਮੌਤ

ਚੰਡੀਗੜ੍ਹ ਦੇ ਮੌਲੀਜਾਗਰਾਂ ਇਲਾਕੇ ਵਿੱਚ ਐਤਵਾਰ ਰਾਤ ਇੱਕ ਖੌਫਨਾਕ ਘਟਨਾ ਸਾਹਮਣੇ ਆਈ, ਜਿੱਥੇ ਕਰੀਬ 10 ਤੋਂ 12 ਹਥਿਆਰਬੰਦ ਬਦਮਾਸ਼ਾਂ ਨੇ ਦੋ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੈ।

ਜਾਣਕਾਰੀ ਅਨੁਸਾਰ, ਵਿਕਾਸ ਨਗਰ ਦੇ ਰਹਿਣ ਵਾਲੇ 25 ਸਾਲਾ “ਤੋਤਾ” ਆਪਣੇ ਦੋਸਤ ਆਕਾਸ਼ (22) ਨਾਲ ਰਾਤ ਕਰੀਬ 10:30 ਵਜੇ ਬਾਜ਼ਾਰ ਵੱਲ ਜਾ ਰਿਹਾ ਸੀ, ਜਦੋਂ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹਮਲਾਵਰਾਂ ਨੇ ਪਹਿਲਾਂ ਦੋਵਾਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਹਮਲੇ ਤੋਂ ਬਚਣ ਲਈ ਦੋਵੇਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਨ੍ਹਾਂ ਨੂੰ ਫੜ ਕੇ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਵਾਰ ਕਰਦੇ ਰਹੇ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਤੋਤਾ ਨੂੰ ਸੈਕਟਰ 32 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦਕਿ ਆਕਾਸ਼ ਨੂੰ ਗੰਭੀਰ ਹਾਲਤ ਵਿੱਚ ਪੰਚਕੂਲਾ ਦੇ ਸੈਕਟਰ 6 ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰਾਂ ਵੱਲੋਂ ਨੌਜਵਾਨਾਂ ‘ਤੇ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ।