ਬਠਿੰਡਾ, 9 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਜੋ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ, ਮੁੜ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਸਾਲਾਸਰ ਬਾਲਾਜੀ ਧਾਮ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਦੇ ਵੀ ਦਰਸ਼ਨ ਕਰਵਾਏ ਜਾਣਗੇ।

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਮਾਲਵਾ ਖਿੱਤੇ ਦੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਹੋਰ ਲੀਡਰਸ਼ਿਪ ਦੇ ਨਾਲ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਸ੍ਰੀ ਸਾਲਾਸਰ ਬਾਲਾ ਜੀ ਧਾਮ ਮੰਦਿਰ ਅਤੇ ਮਾਤਾ ਅੰਜਨੀ ਮੰਦਿਰ ਵਿਖੇ ਨਤਮਸਕਤ ਹੋਏ। ਉਹਨਾਂ ਨੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ ਨਾਲ ਆਪਸੀ ਭਾਈਚਾਰੇ ਅਤੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ।

    ਮੰਦਿਰ ਟਰੱਸਟ ਮੈਨੇਜਮੈਂਟ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਸੀਨੀਅਰ ਲੀਡਰਸ਼ਿਪ ਨੂੰ ਸਨਮਾਨਤ ਕੀਤਾ। ਇਸ ਮੌਕੇ ਸਰਦਾਰ ਬਾਦਲ ਨੇ ਸ਼ਰਧਾਲੂਆਂ ਨਾਲ ਗੱਲਬਾਤ ਵੀ ਕੀਤੀ ਤੇ ਲੋਕਾਂ ਦੀ ਮੰਗ ’ਤੇ ਸੈਲਫੀਆਂ ਵੀ ਖਿੱਚਵਾਈਆਂ।

    ਇਸ ਮੌਕੇ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਸੀ ਜਿਸ ਤਹਿਤ ਰੇਲ ਗੱਡੀਆਂ ਤੇ ਬੱਸਾਂ ਰਾਹੀਂ ਪੰਜਾਬੀਆਂ ਨੁੰ ਸਾਲਾਸਰ, ਮਾਤਾ ਵੈਸ਼ਨੋ ਦੇਵੀ, ਮਾਤਾ ਚਿੰਤਪੂਰਨੀ, ਅਜਮੇਰ ਸ਼ਰੀਫ, ਸ੍ਰੀ ਹਜ਼ੂਰ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ। ਉਹਨਾਂ ਦੱਸਿਆ ਕਿ ਇਹ ਸੇਵਾ ਉਦੋਂ ਸ਼ੁਰੂ ਕੀਤੀ ਗਈ ਜਦੋਂ ਕੁਝ ਬਜ਼ੁਰਗ ਮਹਿਲਾਵਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਕੀਤੀ ਸੀ ਤੇ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਸ੍ਰੀ ਹਜ਼ੂਰ ਸਾਹਿਬ ਜਾਣਾ ਚਾਹੁੰਦੀਆਂ ਹਨ ਪਰ ਉਹਨਾਂ ਕੋਲ ਸਾਧਨ ਨਹੀਂ ਹਨ। ਉਸ ਵੇਲੇ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਮੁਫਤ ਦਰਸ਼ਨ ਕਰਵਾਉਣ ਦੀ ਇਹ ਸਕੀਮ ਸ਼ੁਰੂ ਕੀਤੀ ਸੀ ਪਰ 2017 ਵਿਚ ਸੂਬੇ ਵਿਚ ਕਾਂਗਰਸ ਸਰਕਾਰ ਬਣਦੇ ਸਾਰ ਇਹ ਸਕੀਮ ਬੰਦ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਹੁਣ ਅਸੀਂ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਇਹ ਸਕੀਮ ਮੁੜ ਸ਼ੁਰੂ ਕਰਾਂਗੇ।

    ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਫੈਸਲਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਵਿਚ ਹਰ ਧਾਰਮਿਕ ਫਿਰਕੇ ਨੂੰ ਪੂਰਾ ਮਾਣ ਸਤਿਕਾਰ ਦੇਣ ਦੀ ਨੀਤੀ ਦੇ ਅਨੁਸਾਰ ਹੈ।

    ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਜੋ ਹੋਰ ਸੀਨੀਅਰ ਆਗੂ ਸਾਲਾਸਰ ਪਹੁੰਚੇ ਉਹਨਾਂ ਵਿਚ ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਐਨ ਕੇ ਸ਼ਰਮਾ, ਸਰੂਪ ਚੰਦ ਸਿੰਗਲਾ, ਪ੍ਰੇਮ ਅਰੋੜਾ, ਪ੍ਰਕਾਸ਼ ਚੰਦ ਗਰਗ, ਜੀਤ ਮਹਿੰਦਰ ਸਿੱਧੂ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ, ਪ੍ਰੇਮ ਅਰੋੜਾ, ਗੁਲਜ਼ਾਰ ਸਿੰਘ, ਹੰਸ ਰਾਜ ਜੋਸਨ, ਹਰਦੀਪ ਸਿੰਘ ਡਿੰਪੀ ਢਿੱਲੋਂ, ਮਨਤਾਰ ਸਿੰਘ ਬਰਾੜ, ਤੀਰਥ ਸਿੰਘ ਮਾਹਲਾ, ਪ੍ਰਕਾਸ਼ ਸਿੰਘ ਭੱਟੀ, ਗੁਰਦੇਵ ਸਿੰਘ ਮਾਣੂਕੇ, ਵਰਦੇਵ ਸਿੰ ਨੋਨੀ ਮਾਨ, ਬਰਜਿੰਦਰ ਸਿੰਘ ਮੱਖਣ ਬਰਾੜ, ਸਤਨਾਮ ਸਿੰਘ ਰਾਹੀ, ਕੁਲਵੰਤ ਸਿੰਘ ਕੀਤੂ ਤੇ ਦਿਲਰਾਜ ਸਿੰਘ ਭੂੰਦੜ ਸ਼ਾਮਲ ਸਨ।