ਅੱਜ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ 7ਵਾਂ ਅਤੇ ਆਖਰੀ ਪੜਾਅ ਹੈ। ਪੰਜਾਬ ਸਮੇਤ 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ, ਜੋ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਨਾਲ ਸੰਗਰੂਰ ਦੇ ਪਿੰਡ ਮੰਗਵਾਲ ‘ਚ ਵੋਟ ਪਾਈ ਹੈ। ਆਪਣੀ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਉਹ ਵੱਡੀ ਗਿਣਤੀ ਵਿੱਚ ਵੋਟ ਪਾਉਣ। ਸਾਨੂੰ ਵੋਟ ਪਾਉਣ ਤੋਂ ਬਾਅਦ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਅਤੇ ਵੋਟ ਪਾ ਕੇ ਚੰਗੇ ਨੁਮਾਇੰਦੇ ਚੁਣਨ।
ਪੰਜਾਬ ਸੀਐਮ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਮੈਂ ਔਰਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਡੀ ਗਿਣਤੀ ‘ਚ ਬਾਹਰ ਆ ਕੇ ਵੋਟ ਪਾਉਣ। ਸਾਨੂੰ ਇੱਕ ਚੰਗੀ ਸਰਕਾਰ ਚੁਣਨ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ, ਜੋ ਸਾਡੇ ਲਈ ਕੰਮ ਕਰ ਸਕੇ।
9 ਵਜੇ ਤੱਕ ਕਿੱਥੇ ਅਤੇ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ?
ਪੰਜਾਬ- 9.64
ਹਿਮਾਚਲ ਪ੍ਰਦੇਸ਼- 14.35
ਓਡੀਸ਼ਾ- 7.69
ਚੰਡੀਗੜ੍ਹ- 11.64
ਉੱਤਰ ਪ੍ਰਦੇਸ਼- 12.94
ਬਿਹਾਰ – 10.58
ਝਾਰਖੰਡ- 12.15
ਪੱਛਮੀ ਬੰਗਾਲ- 12.63
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਅੱਜ ਯਾਨੀ 1 ਜੂਨ ਨੂੰ ਵੋਟਿੰਗ ਹੋ ਰਹੀ ਹੈ। ਜਿਸ ਵਿੱਚ ਹੋਰਨਾਂ ਸੂਬਿਆਂ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਇਸ ਦੇ ਲਈ ਅੱਜ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਵਾਰ ਚੋਣਾਂ ਵਿਚ 2 ਕਰੋੜ 14 ਲੱਖ 61 ਹਜ਼ਾਰ 739 ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 1 ਕਰੋੜ 12 ਲੱਖ 86 ਹਜ਼ਾਰ 726 ਪੁਰਸ਼ ਵੋਟਰ, 1 ਕਰੋੜ 1 ਲੱਖ 74 ਹਜ਼ਾਰ 240 ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ।
ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ‘ਚ ਅੱਜ ਸੱਤ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਸੀਟ ਵੀ ਸ਼ਾਮਲ ਹੈ। ਲੋਕ ਸਭਾ ਚੋਣਾਂ ਦੇ ਸਤਵੇਂ ਅਤੇ ਆਖ਼ਰੀ ਪੜਾਅ ਲਈ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੁਲ 904 ਉਮੀਦਵਾਰ ਚੋਣ ਮੈਦਾਨ ’ਚ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 13 ਸੀਟਾਂ , ਯੂਪੀ ਦੀਆਂ 13 ਸੀਟਾਂ, ਪੱਛਮੀ ਬੰਗਾਲ ਦੀਆਂ 9 ਸੀਟਾਂ, ਬਿਹਾਰ ਦੀਆਂ 8 ਸੀਟਾਂ, ਉੜੀਸਾ ਦੀਆਂ 6 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ, ਝਾਰਖੰਡ ਦੀਆਂ 3 ਅਤੇ ਚੰਡੀਗੜ੍ਹ ਦੀ ਇਕ ਸੀਟ ‘ਤੇ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰ ‘ਚ ਕਈ ਵੱਡੇ ਦਿੱਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ।