
Skip to content

ਜਤਿੰਦਰ ਪਿੰਕਲ, ਗੁਰੂ ਹਰਸਹਾਏ/ਫਿਰੋਜ਼ਪੁਰ: ਮਾਲਵੇ ਦੇ ਪ੍ਰਸਿੱਧ ਇਤਿਹਾਸਿਕ ਧਾਰਮਿਕ ਸਥਾਨ ਡੇਰਾ ਬਾਬਾ ਰਾਮ ਥੰਮਣ ਜੀ, ਬਾਜੇ ਕੇ ਵਿਖੇ ਚੱਲ ਰਹੇ ਸਲਾਨਾ ਅੱਸੂ ਭੰਡਾਰੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਬਾਬਾ ਹਰਮੇਸ਼ ਦਾਸ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਡੇਰਾ ਭਜਨਗੜ੍ਹ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਜੀ ਵੀ ਇਸ ਮੌਕੇ ਮੌਜੂਦ ਰਹੇ।
ਸਮਾਗਮ ਦੌਰਾਨ ਵਿਧਾਇਕ ਅਬੋਹਰ ਸੰਦੀਪ ਜਾਖੜ, ਅਨਮੀਤ ਸਿੰਘ ਹੀਰਾ ਸੋਢੀ, ਸੁਖਵਿੰਦਰ ਸਿੰਘ ਕਾਕਾ ਕੰਬੋਜ, ਬੂਟਾ ਸਿੰਘ ਰਾਣਾ ਰਾਏ, ਦੀਪਕ ਸ਼ਰਮਾ, ਕਸ਼ਮੀਰ ਲਾਲ ਸਰਪੰਚ, ਬਾਵਾ ਰਾਧੇ ਸ਼ਾਮ, ਬਾਵਾ ਸ਼੍ਰੀ ਚੰਦ ਸਮੇਤ ਹੋਰ ਰਾਜਸੀ ਆਗੂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।
ਨਸ਼ਿਆਂ ਵਿਰੁੱਧ ਮੁਹਿੰਮ ਦੀ ਕੀਤੀ ਸ਼ਲਾਘਾ
ਸੰਗਤ ਨੂੰ ਸੰਬੋਧਨ ਕਰਦਿਆਂ ਨਾਇਬ ਸਿੰਘ ਸੈਣੀ ਨੇ ਡੇਰਾ ਬਾਬਾ ਰਾਮ ਥੰਮਣ ਜੀ ਦੇ ਇਤਿਹਾਸ ਅਤੇ ਧਾਰਮਿਕ ਮਹੱਤਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਸੇਰ ਭਰਾ ਬਾਬਾ ਰਾਮ ਥੰਮਣ ਜੀ ਨਾਲ ਸਬੰਧਤ ਇਸ ਪਵਿੱਤਰ ਸਥਾਨ ’ਤੇ ਆ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਡੇਰਾ ਬਾਬਾ ਰਾਮ ਥੰਮਣ ਜੀ ਵੱਲੋਂ ਵੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਮਹੱਤਵਪੂਰਨ ਸਮਾਜਿਕ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਡੇਰਾ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮੁਹਿੰਮ ਤੋਂ ਬਾਅਦ ਹਰਿਆਣਾ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਰੁਜ਼ਗਾਰ ਅਤੇ ਸਿੱਖਿਆ ਸਬੰਧੀ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ।
ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਦਾ ਦਾਅਵਾ
ਪੰਜਾਬ ਦੀ ਰਾਜਨੀਤੀ ਬਾਰੇ ਬੋਲਦਿਆਂ ਨਾਇਬ ਸਿੰਘ ਸੈਣੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ’ਤੇ ‘ਬਿਨਾਂ ਪਰਚੀ, ਬਿਨਾਂ ਖਰਚੀ’ ਦੇ ਨਾਅਰੇ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਇਹ ਉਨ੍ਹਾਂ ਦਾ ਰਾਜਨੀਤਿਕ ਦਾਅਵਾ ਹੈ।
ਇਸ ਮੌਕੇ ਨਾਇਬ ਸਿੰਘ ਸੈਣੀ ਨੇ ਡੇਰੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਆਪਣੇ ਵੱਲੋਂ 11 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਅੱਸੂ ਭੰਡਾਰੇ ਦੌਰਾਨ ਹੋਣਗੇ ਧਾਰਮਿਕ ਤੇ ਸੂਫ਼ੀ ਸਮਾਗਮ
ਡੇਰਾ ਬਾਬਾ ਰਾਮ ਥੰਮਣ ਜੀ ਬਾਜੇ ਕੇ ਵਿਖੇ ਅੱਸੂ ਭੰਡਾਰੇ ਦੇ ਬਾਕੀ ਸਮਾਗਮਾਂ ਦੌਰਾਨ ਵੱਖ-ਵੱਖ ਧਾਰਮਿਕ ਅਤੇ ਸੂਫ਼ੀ ਪ੍ਰੋਗਰਾਮ ਕਰਵਾਏ ਜਾਣਗੇ। ਡੇਰਾ ਪ੍ਰਬੰਧਕਾਂ ਵੱਲੋਂ ਸੰਗਤ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮੰਚ ਦਾ ਸੰਚਾਲਨ ਸ਼੍ਰੀ ਵਿਜੇ ਕੁਮਾਰ ਵੱਲੋਂ ਬਾਖੂਬੀ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਆਮਦ ’ਤੇ ਸੰਗਤ ਅਤੇ ਡੇਰਾ ਪ੍ਰਬੰਧਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Related