‘ਚਲੋ ਸੰਸਦ’ ਮਾਰਚ ਅੱਜ, ਜੰਤਰ-ਮੰਤਰ ‘ਤੇ ਵੱਡਾ ਇਕੱਠ; ਦਿੱਲੀ ‘ਚ ਤਿੰਨ-ਪੱਧਰੀ ਸੁਰੱਖਿਆ, ਧਾਰਾ 163 ਲਾਗੂ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ)  :- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਵੱਲੋਂ ਅੱਜ ਪ੍ਰਸਤਾਵਿਤ ‘ਚਲੋ ਸੰਸਦ’ ਮਾਰਚ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਾਰਲੀਮੈਂਟ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਹੋਣ ਜਾ ਰਹੇ ਇਸ ਮਾਰਚ ਤੋਂ ਪਹਿਲਾਂ ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸਮਰਥਕਾਂ ਨੂੰ ਵੱਡੀ ਗਿਣਤੀ ਵਿੱਚ ਜੰਤਰ-ਮੰਤਰ ਪਹੁੰਚਣ ਦੀ ਅਪੀਲ ਕੀਤੀ ਹੈ।

ਦੀਪਕੇ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਦਾਅਵਾ ਕੀਤਾ ਕਿ ਪ੍ਰਦਰਸ਼ਨ ਨੂੰ ਰੋਕਣ ਲਈ ਪੁਲਿਸ ਸਖ਼ਤ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਾਖ਼ਲ ਕੀਤੇ ਜਾਣ ਦੇ ਬਾਵਜੂਦ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਜਾਰੀ ਹੈ ਅਤੇ ਲੋਕਾਂ ਨੂੰ ਰਾਤ ਭਰ ਜੰਤਰ-ਮੰਤਰ ‘ਤੇ ਡਟੇ ਰਹਿਣ ਦੀ ਅਪੀਲ ਕੀਤੀ।

ਉਧਰ, ਹਸਪਤਾਲ ਤੋਂ ਭੇਜੇ ਆਪਣੇ ਹੱਥ-ਲਿਖਤ ਸੰਦੇਸ਼ ਵਿੱਚ ਸੋਨਮ ਵਾਂਗਚੁਕ ਨੇ ਇਸ ਮਾਰਚ ਨੂੰ “ਭਾਰਤ ਦੀ ਦੂਜੀ ਆਜ਼ਾਦੀ ਦੀ ਲਹਿਰ” ਕਰਾਰ ਦਿੰਦਿਆਂ ਸਮਰਥਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੀਟ ਪੇਪਰ ਲੀਕ ਮਾਮਲੇ ਨੂੰ ਉਠਾਉਂਦਿਆਂ “ਨਾ-ਇਨਸਾਫ਼ੀ ਤੋਂ ਆਜ਼ਾਦੀ” ਅਤੇ “ਡਰ ਤੋਂ ਆਜ਼ਾਦੀ” ਦਾ ਨਾਅਰਾ ਵੀ ਦਿੱਤਾ।

ਦੂਜੇ ਪਾਸੇ, ਦਿੱਲੀ ਪੁਲਿਸ ਨੇ ਮਾਰਚ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਲਾਗੂ ਕਰ ਦਿੱਤੀ ਹੈ ਅਤੇ ਸੰਸਦ ਇਲਾਕੇ ਦੇ ਆਲੇ-ਦੁਆਲੇ ਤਿੰਨ-ਪੱਧਰੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ।

ਡੀਸੀਪੀ ਸਚਿਨ ਸ਼ਰਮਾ ਨੇ ਸਪੱਸ਼ਟ ਕੀਤਾ ਕਿ ‘ਚਲੋ ਸੰਸਦ’ ਮਾਰਚ ਲਈ ਨਾ ਤਾਂ ਕੋਈ ਇਜਾਜ਼ਤ ਮੰਗੀ ਗਈ ਹੈ ਅਤੇ ਨਾ ਹੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੰਤਰ-ਮੰਤਰ ਦੀ ਨਿਰਧਾਰਤ ਪ੍ਰਦਰਸ਼ਨ ਸਥਾਨ ਤੋਂ ਇਲਾਵਾ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠ, ਰੈਲੀਆਂ ਅਤੇ ਮਾਰਚਾਂ ‘ਤੇ ਪਾਬੰਦੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜੰਤਰ-ਮੰਤਰ ‘ਤੇ ਇਹ ਪ੍ਰਦਰਸ਼ਨ 20 ਜੂਨ ਤੋਂ ਜਾਰੀ ਹੈ, ਜਿਸ ਵਿੱਚ ਨੀਟ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸੋਨਮ ਵਾਂਗਚੁਕ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਅਭਿਜੀਤ ਦੀਪਕੇ ਨੇ ਵੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਕਈ ਵਿਦਿਆਰਥੀ ਆਗੂ ਪਹਿਲਾਂ ਹੀ 28 ਜੂਨ ਤੋਂ ਵਰਤ ‘ਤੇ ਬੈਠੇ ਹੋਏ ਹਨ।