
Skip to content

ਮੋਹਾਲੀ/ਅਮਿਤ ਨੱਖਵਾਲ : ਬਜ਼ੁਰਗਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਮੋਹਾਲੀ ਦੇ ਸੈਕਟਰ-78 ਵਿੱਚ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਰਕਾਰੀ ਮਲਕੀਅਤ ਅਤੇ ਪ੍ਰਬੰਧਨ ਹੇਠ ਇਸ ਬਿਰਧ ਆਸ਼ਰਮ ਦਾ ਨਿਰਮਾਣ ਕੀਤਾ ਜਾਵੇਗਾ।
ਇਸ ਪ੍ਰੋਜੈਕਟ ਲਈ ਗਮਾਡਾ ਵੱਲੋਂ 2.92 ਏਕੜ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ। ਪ੍ਰੋਜੈਕਟ ਨੂੰ ਜਲਦੀ ਸ਼ੁਰੂ ਕਰਨ ਲਈ ਗਮਾਡਾ ਦੇ ਐਸਟੇਟ ਅਫ਼ਸਰ ਨੂੰ ਜ਼ਮੀਨ ਦਾ ਭੌਤਿਕ ਕਬਜ਼ਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਮੋਹਾਲੀ ਨੂੰ ਸੌਂਪਣ ਸਬੰਧੀ ਲੋੜੀਂਦੀ ਕਾਰਵਾਈ ਛੇਤੀ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਜ਼ਮੀਨ ਦਾ ਕਬਜ਼ਾ ਮਿਲਣ ਤੋਂ ਬਾਅਦ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ।
ਪ੍ਰਸਤਾਵਿਤ ਬਿਰਧ ਆਸ਼ਰਮ ਵਿੱਚ ਬੇਸਹਾਰਾ ਅਤੇ ਲੋੜਵੰਦ ਬਜ਼ੁਰਗਾਂ ਲਈ ਰਹਿਣ-ਸਹਿਣ ਅਤੇ ਦੇਖਭਾਲ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਉਣ ਦੀ ਯੋਜਨਾ ਹੈ। ਇਸ ਉਪਰਾਲੇ ਦਾ ਮਕਸਦ ਸਿਰਫ਼ ਇੱਕ ਇਮਾਰਤ ਉਸਾਰਨਾ ਨਹੀਂ, ਸਗੋਂ ਅਜਿਹਾ ਸੁਰੱਖਿਅਤ ਆਸਰਾ ਮੁਹੱਈਆ ਕਰਵਾਉਣਾ ਹੈ ਜਿੱਥੇ ਬਜ਼ੁਰਗਾਂ ਨੂੰ ਮਾਣ-ਸਤਿਕਾਰ, ਆਪਣਾਪਣ ਅਤੇ ਪਰਿਵਾਰ ਵਰਗਾ ਮਾਹੌਲ ਮਿਲ ਸਕੇ।
ਵਿਭਾਗ ਅਨੁਸਾਰ ਪ੍ਰੋਜੈਕਟ ਨਾਲ ਸਬੰਧਤ ਅਗਲੀਆਂ ਪ੍ਰਸ਼ਾਸਨਿਕ ਕਾਰਵਾਈਆਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਬਿਰਧ ਆਸ਼ਰਮ ਦਾ ਨਿਰਮਾਣ ਜਲਦੀ ਸ਼ੁਰੂ ਕੀਤਾ ਜਾ ਸਕੇ।
ਰਿਪੋਰਟ:- ਅਮਿਤ ਨੱਖਵਾਲ
Related