ਪੁਲਿਸ ਕਮਿਸ਼ਨਰ ਵਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ
ਜਲੰਧਰ(ਨਵੀਨ ਪੂਰੀ )-ਸ਼ਹਿਰ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਰੁੱਖ ਅਪਣਾਉਂਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਹੋਟਲ ਡੌਲਫਿਨ ਨੇੜੇ ਗੋਲੀ ਚੱਲਣ ਦੀ ਘਟਨਾ ਦੇ ਮੁੱਖੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੁਲਿਸ ਕਮਿਸ਼ਨਰ,ਜਲੰਧਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਪੁਲਿਸ ਵਲੋਂ ਗੌਰਵ ਬਠਲਾ ਪੁੱਤਰ ਮਹਿੰਦਰ ਪਾਲ ਬਠਲਾ ਵਾਸੀ ਸ਼ਾਸ਼ਤਰੀ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਵਲੋਂ ਪੁਰਾਣੇ ਫ਼ਲ ਅਤੇ ਸਬਜੀ ਮਾਰਕਿਟ ਵਿਖੇ ਗੋਲੀ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਬਠਲਾ ਦਾ ਵਿਵੇਕ ਪੁਰੀ ਨਾਲ ਸੜਕੀ ਤਕਰਾਰ ਹੋ ਗਿਆ ਸੀ। ਸ੍ਰੀ ਤੂਰ ਨੇ ਦੱਸਿਆ ਕਿ ਬਠਲਾ ਅਤੇ ਪੁਰੀ ਦੋਵਾਂ ਵਲੋਂ ਆਪਣੇ ਦੋਸਤਾਂ ਨੂੰ ਮੌਕੇ ’ਤੇ ਬੁਲਾ ਲਿਆ ਗਿਆ ਜਿਸ ਕਰਕੇ ਬਹਿਸ ਵੱਧ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਰੀ ਅਤੇ ਉਸ ਦੇ ਦੋਸਤਾਂ ਨੇ ਬਠਲਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ’ਤੇੋ ਬਠਲਾ ਨੇ ਆਪਣੀ .32 ਬੋਰ ਲਾਇਸੰਸੀ ਹਥਿਆਰ ਨਾਲ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਭਾਵੇਂ ਤਿੰਨ ਰੋਂਦ ਚਲਾਏ ਗਏ ਸਨ ਪਰ ਇਸ ਵਿੱਚ ਕੋਈ ਜਖ਼ਮੀ ਨਹੀਂ ਹੋਇਆ ਸੀ। ਸ੍ਰੀ ਤੂਰ ਨੇ ਕਿਹਾ ਕਿ ਜਿਵੇਂ ਹੀ ਘਟਨਾ ਪੁਲਿਸ ਦੇ ਧਿਆਨ ਵਿੱਚ ਆਈ ਤਾਂ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਘਟਨਾ ਵਾਲੇ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਬਠਲਾ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਪਾਸੋਂ ਹਥਿਆਰ ਵੀ ਜਬਤ ਕਰ ਲਿਆ ਗਿਆ ਹੈ। ਸ੍ਰੀ ਤੂਰ ਨੇ ਦੱਸਿਆ ਕਿ ਇਸ ਕੇਸ ਵਿੱਚ ਅਗਲੇਰੀ ਪੜਤਾਲ ਚੱਲ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।