ਮਨਜਿੰਦਰ ਸਿੰਘ ਸਿਰਸਾ ਨੇ ਆਨੰਦ ਜੰਮੂ-ਕਸ਼ਮੀਰ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ’ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਐਲ ਜੀ ਸ੍ਰੀ ਮਨੋਜ ਸਿਨਹਾ ਦਾ ਕੀਤਾ ਧੰਨਵਾਦ
ਨਵੀਂ ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਜੰਮੂ-ਕਸ਼ਮੀਰ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ’ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਸ੍ਰੀ ਮਨੋਜ ਸਿਨਹਾ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਧਾਰਾ 370 ਹਟਣ ਨਾਲ ਹੀ ਇਹ ਪ੍ਰਾਪਤੀ ਸੰਭਵ ਹੋਈ ਹੈ।
ਇਥੇ ਜਾਰੀ ਕੀਤੇ ਕਿ ਬਿਆਨ ਵਿਚ ਭਾਜਪਾ ਦੇ ਕੌਮੀ ਸਕੱਤਰ ਨੇ ਜੰਮੂ-ਕਸ਼ਮੀਰ ਦੇ ਸਿੱਖਾਂ ਨੂੰ ਆਨੰਦ ਮੈਰਿਜ ਐਕਟ ਲਾਗੂ ਹੋਣ ਦੀ ਵਧਾਈ ਦਿੱਤੀ ਤੇ ਕਿਹਾ ਕਿ ਹੁਣ ਜੰਮੂ-ਕਸ਼ਮੀਰ ਵਿਚ ਰਹਿੰਦੇ ਸਿੱਖ ਨਾ ਸਿਰਫ ਨਵੇਂ ਵਿਆਹੇ ਬਲਕਿ ਕੋਈ ਵੀ ਸਿੱਖ ਜੋੜਾ ਆਪਣੇ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰਵਾ ਸਕਦੇ ਹਨ ਜਿਸਨੂੰ ਲਾਗੂ ਕਰਨ ਦੇ ਹੁਕਮ ਬੀਤੇ ਕੱਲ੍ਹ ਜਾਰੀ ਕੀਤੇ ਗਏ ਹਨ।
ਸਰਦਾਰ ਸਿਰਸਾ ਨੇ ਕਿਹਾ ਕਿ ਅਸੀਂ ਇਸ ਪ੍ਰਾਪਤੀ ਵਾਸਤੇ ਪਿਛਲੇ 75 ਸਾਲਾਂ ਤੋਂ ਵੱਡਾ ਸੰਘਰਸ਼ ਲੜਿਆ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ’ਤੇ ਲਗਾਤਾਰ ਪਿਛਲੀਆਂ ਜੰਮੂ-ਕਸ਼ਮੀਰ ਸਰਕਾਰਾਂ ਨਾਲ ਰਾਬਤਾ ਕਰਦੇ ਸਨ ਪਰ ਹਰ ਵਾਰ ਮੁੱਖ ਮੰਤਰੀ ਦਫਤਰ ਤੋਂ ਉਹਨਾਂ ਨੂੰ ਜਵਾਬ ਮਿਲਦਾਸੀ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਲੱਗੀ ਹੈ, ਇਸ ਕਾਰਨ ਇਥੇ ਆਨੰਦ ਮੈਰਿਜ ਐਕਟ ਲਾਗੂ ਨਹੀਂ ਹੋ ਸਕਦਾ।
ਉਹਨਾਂ ਕਿਹਾ ਕਿ ਜਦੋਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਾਮਲੇ ਬਾਰੇ ਦੱਸਿਆ ਗਿਆ ਤਾਂ ਉਹਨਾਂ ਤੁਰੰਤ ਕੇਂਦਰੀ ਗ੍ਰਹਿ ਸਕੱਤਰ ਨੂੰ ਹੁਕਮ ਦਿੱਤੇ ਕਿ ਉਹ ਤੁਰੰਤ ਨਿਯਮ ਬਣਾ ਕੇ ਜੰਮੂ-ਕਸ਼ਮੀਰ ਵਿਚ ਇਹ ਐਕਟ ਲਾਗੂ ਹੋਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਹੁਣ ਐਲ ਜੀ ਸ੍ਰੀ ਮਨੋਜ ਸਿਨਹਾ ਨੇ ਐਕਟ ਲਾਗੂ ਕਰਨ ਦੇ ਹੁਕਮ ਦਿੱਤੇ ਹਨ ਤੇ ਐਕਟ ਜੰਮੂ-ਕਸ਼ਮੀਰ ਵਿਚ ਲਾਗੂ ਹੋ ਗਿਆ ਹੈ।
ਉਹਨਾਂ ਨੇ ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਮਾਂ ਬੋਲੀ ਪੰਜਾਬੀ ਤੇ ਘੱਟ ਗਿਣਤੀ ਕਮਿਸ਼ਨ ਸਥਾਪਿਤ ਕਰਨ ਸਮੇਤ ਉਹਨਾਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਵੀ ਆਉਂਦੇ ਸਮੇਂ ਵਿਚ ਹੱਲ ਕਰਵਾਈਆਂ ਜਾਣਗੀਆਂ।