ਫਗਵਾੜਾ 25 ਜੁਲਾਈ (ਪੁਨੀਤ, ਵਿਕਾਸ) ਭਾਰਤ ਸਵਾਭਿਮਾਨ ਟਰੱਸਟ ਦੇ ਜਿਲ੍ਹਾ ਇੰਚਾਰਜ ਅਤੇ ਯੋਗਾ ਟੀਚਰ ਦੀਪਕ ਖੋਸਲਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਅੱਤ ਦੀ ਗਰਮੀ ਵਿੱਚ ਰੋਜ਼ਾਨਾ ਕਈ-ਕਈ ਘੰਟੇ ਲੱਗ ਰਹੇ ਬਿਜਲੀ ਕੱਟਾਂ ’ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਬਿਜਲੀ ਦੇ ਬਿਲਾਂ ਦਾ ਸਮੇਂ ਸਿਰ ਪੂਰਾ ਭੁਗਤਾਨ ਕਰਨ ਵਾਲੇ ਖਪਤਕਾਰਾਂ ਨੂੰ ਵੀ ਜੇਕਰ ਬਿਜਲੀ ਲਈ ਤਰਸਨਾ ਪਵੇ ਤਾਂ ਇਹ ਚੰਗੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ 300 ਯੂਨਿਟ ਪ੍ਰਤੀ ਮਹੀਨਾ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਅਤੇ ਨਿਯਮਤ ਤੌਰ ’ਤੇ ਬਿਜਲੀ ਦੇ ਬਿੱਲ ਅਦਾ ਕਰਨ ਵਾਲਿਆਂ ਨੂੰ ਬਿਜਲੀ ਕੱਟਾਂ ਦੀ ਪਰੇਸ਼ਾਨੀ ਤੋਂ ਮੁਕਤੀ ਮਿਲਣੀ ਚਾਹੀਦੀ ਹੈ। ਖੋਸਲਾ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਵਿੱਚ ਟੈਕਸ ਦਾਤਾਵਾਂ ਨੂੰ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਪਰ ਭਾਰਤ ਵਿੱਚ ਟੈਕਸ ਦਾਤਾ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ, ਜੋ ਕਿ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਕਨੀਕੀ ਨੁਕਸ ਤਾਂ ਮੰਨਿਆ ਜਾ ਸਕਦਾ ਹੈ ਪਰ ਸਵੇਰ-ਸ਼ਾਮ ਦੇ ਅਣ-ਐਲਾਨੇ ਬਿਜਲੀ ਕੱਟ ਠੀਕ ਨਹੀਂ ਹਨ। ਕਿਉਂਕਿ ਨਾ ਤਾਂ ਬੱਚੇ ਠੀਕ ਤਰ੍ਹਾਂ ਤਿਆਰ ਹੋ ਕੇ ਸਕੂਲ ਜਾ ਸਕਦੇ ਹਨ। ਨਾ ਘਰ ਦੀਆਂ ਔਰਤਾਂ ਰਸੋਈ ਦਾ ਕੰਮ ਹੀ ਸੁਖਾਲਾ ਕਰ ਸਕਦੀਆਂ ਹਨ ਤੇ ਨਾ ਹੀ ਸ਼ਾਮ ਨੂੰ ਕੰਮ ਤੋਂ ਥੱਕ ਕੇ ਆਉਣ ਵਾਲਾ ਆਦਮੀ ਕੂਲਰ ਜਾਂ ਏ.ਸੀ. ਦੀ ਠੰਢਕ ਦਾ ਆਨੰਦ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਮਹੀਨੇ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਘਰੇਲੂ ਖਪਤਕਾਰਾਂ ਤੋਂ ਇਲਾਵਾ ਦੁਕਾਨਦਾਰ, ਕਾਰਖਾਨੇਦਾਰ ਅਤੇ ਉਦਯੋਗਪਤੀ ਸਾਰਾ ਬਿੱਲ ਅਦਾ ਕਰਦੇ ਹਨ। ਪਰ ਜਦੋਂ ਬਿਜਲੀ ਕੱਟ ਲੱਗਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਨਾ ਤਾਂ ਠੀਕ ਢੰਗ ਨਾਲ ਵਪਾਰ ਕਰ ਸਕਦੇ ਹਨ ਤੇ ਨਾ ਕਾਰੋਬਾਰ। ਸਾਰੀ ਮਸ਼ੀਨਰੀ ਠੱਪ ਹੋ ਕੇ ਰਹਿ ਜਾਂਦੀ ਹੈ। ਇਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਹਨ ਕਿ ਬਿਜਲੀ ਦੇ ਬਿੱਲ ਭਰਨ ਵਾਲੇ ਖਪਤਕਾਰਾਂ ਨੂੰ ਕਲਾਸ-ਵਨ ਖਪਤਕਾਰ ਵਰਗ ਵਿਚ ਰੱਖ ਕੇ 24 ਘੰਟੇ ਬਿਜਲੀ ਦੀ ਸਹੂਲਤ ਯਕੀਨੀ ਬਣਾਈ ਜਾਵੇ।