ਫ਼ਿਰੋਜ਼ਪੁਰ (ਜਤਿੰਦਰ ਪਿੰਕਲ) : ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਪ੍ਰਚਾਰ-ਪ੍ਰਸਾਰ ਨੂੰ ਮਜ਼ਬੂਤ ਕਰਨ ਲਈ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਦੀ ਅਹਿਮ ਮੀਟਿੰਗ ਅੱਜ ਏਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਦਫ਼ਤਰ ਵਿਖੇ ਹੋਈ। ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਗਰੁੱਪ ਵਿਚ ਵੱਖ ਵੱਖ ਖੇਤਰਾਂ ਤੋਂ ਚੁਣੇ ਗਏ ਮੈਂਬਰਾਂ ਵਿਚ ਸ਼ਾਮਿਲ ਸਟੇਟ ਅਤੇ ਨੈਸ਼ਨਲ ਐਵਾਰਡ ਜੇਤੂ ਗੁਰਨਾਮ ਸਿੱਧੂ ਗਾਮਾ, ਦਲਜੀਤ ਸਿੰਘ ਮਹਾਲਮ, ਨਰਿੰਦਰ ਸਿੰਘ ਕੇਸਰ, ਅਮਰਜੀਤ ਕੌਰ ਛਾਬੜਾ, ਚਾਨਣ ਸਿੰਘ ਖਹਿਰਾ, ਤੋਤਾ ਸਿੰਘ ਲਾਡੀ, ਗੁਰਪ੍ਰੀਤ ਸਿੰਘ ਬਰਾੜ, ਬਾਬਾ ਸਤਨਾਮ ਸਿੰਘ ਵੱਲੀਆਂ, ਗੁਰਨੂਰ ਸਿੰਘ ਬਰਾੜ, ਪ੍ਰਲਾਦ ਸੰਗੇਲੀਆ, ਪਰਮਜੀਤ ਸਿੰਘ, ਅਮਨ ਮੌਂਗਾ, ਪਰੇਸ਼ ਡਿੰਪੀ, ਰੋਹਿਤ ਰਾਜਪੂਤ ਨੇ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਵਿਉਂਤਬੰਦੀ ਬਣਾਈ ਗਈ ਮੈਂਬਰਾਂ ਨੇ ਕਿਹਾ ਕਿ ਅਗਰ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਅੰਦਰ ਕੋਈ ਮਨੁੱਖੀ ਅਧਿਕਾਰਾਂ ‘ਤੇ ਡਾਕਾ ਮਾਰਦਾ ਹੈ ਤਾਂ ਉਸ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਕੇ ਉਚਿਤ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਇਆ ਕਰੇਗੀ। ਓਹਨਾ ਆਖਿਆ ਕਿ ਹਰੇਕ ਰਿਪੋਰਟ ਨਾਲੋਂ-ਨਾਲ ਉਚਿਤ ਅਧਿਕਾਰੀਆਂ ਤੱਕ ਪੁੱਜਦਾ ਕਰਨਾ ਓਹਨਾ ਦੀ ਅਹਿਮ ਜ਼ਿੰਮੇਵਾਰੀ ਹੈ। ਕੋਰ ਗਰੁੱਪ ਮੈਂਬਰਾਂ ਨੇ ਇਹ ਵੀ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਮੇਂ-ਸਮੇਂ ‘ਤੇ ਕੈਂਪ, ਸੈਮੀਨਾਰ ਅਤੇ ਜਨ-ਸੁਣਵਾਈਆਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਲੋਕਾਂ ਦੀਆਂ ਖੁਦ ਆਕੇ ਮੁਸੀਬਤਾਂ ਸੁਣਿਆ ਕਰਨਗੇ। ਹਾਜ਼ਰ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਮੱਸਿਆਵਾਂ ਲੈਕੇ ਸਾਨੂੰ ਮਿਲ ਸਕਦੇ ਹਨ। ਮੀਟਿੰਗ ਵਿੱਚ ਪੁੱਜੇ ਇੱਕ ਵਿਦੇਸ਼ ਰਹਿੰਦੀ ਲੜਕੀ ਦੇ ਪਰਿਵਾਰ ਨੂੰ ਜਲਦ ਇਨਸਾਫ਼ ਦਿਵਾਉਣ ਦੀ ਵੀ ਗੱਲ ਆਖੀ ਗਈ।