ਜਲੰਧਰ— ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜਿੱਥੇ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ 103 ਨਵੇਂ ਪਾਜ਼ੇਟਿਵ ਕੇਸ ਪਾਏ ਗਏ, ਉਥੇ ਹੀ 2 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ ‘ਚ ਚਲੇ ਗਏ। ਦੱਸ ਦੇਈਏ ਕਿ ਅੱਜ ਮਿਲੇ 103 ਪਾਜ਼ੇਟਿਵ ਕੇਸਾਂ ‘ਚੋਂ 60 ਲੋਕਾਂ ਦੀਆਂ ਰਿਪੋਰਟਾਂ ਪ੍ਰਾਈਵੇਟ ਲੈਬੋਰਟਰੀ ‘ਚੋਂ ਹਾਸਲ ਹੋਈਆਂ ਹਨ ਜਦਕਿ 43 ਦੀਆਂ ਰਿਪੋਰਟਾਂ ਸਰਕਾਰੀ ਹਸਪਤਾਲ ਤੋਂ ਮਿਲੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 3730 ਤੱਕ ਪਹੁੰਚ ਗਿਆ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 96 ਤੱਕ ਪਹੁੰਚ ਚੁੱਕੀ ਹੈ।


    ਦੱਸਣਯੋਗ ਹੈ ਕਿ ਬੀਤੇ ਦਿਨ ਡਾਕਟਰਾਂ ਅਤੇ ਪੁਲਸ ਮੁਲਾਜ਼ਮਾਂ ਸਮੇਤ 149 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਦਕਿ ਕੋਰੋਨਾ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ। ਵਿਸ਼ਵ ਭਰ ‘ਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕੇ ਕੋਰੋਨਾ ਵਾਇਰਸ ਕਾਰਨ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਲੋਕ ਆਪਣੇ-ਆਪ ਹੀ ਇਸ ਵਾਇਰਸ ਤੋਂ ਖੁਦ ਨੂੰ ਬਚਾਅ ਸਕਦੇ ਹਨ। ਜਿਸ ਗਤੀ ਨਾਲ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਹੁਣ ਇਹ ਵਾਇਰਸ ਕਾਬੂ ‘ਚ ਆਉਣ ਵਾਲਾ ਨਹੀਂ।