ਚੰਡੀਗੜ੍ਹ— ਸੂਬੇ ‘ਚ ਕੋਰੋਨਾ ਨੂੰ ਲੈ ਕੇ ਵੱਧ ਰਹੀਆਂ ਅਫਵਾਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਲ ਹੀ ‘ਚ ਇਕ ਵੱਡਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 25 ਵਿਧਾਇਕਾਂ ਨਾਲ ਕੋਰੋਨਾ ਨਾਲ ਨਜਿੱਠਣ ਦੇ ਇੰਤਜ਼ਾਮ ਨੂੰ ਲੈ ਕੇ ਸਮੀਖਿਆ (ਰੀਵਿਊ) ਬੈਠਕ ਕੀਤੀ। ਇਸ ਦੌਰਾਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਸੂਚੀ ਗੁਪਤ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ। ਕੈਪਟਨ ਨੇ ਵਿਧਾਇਕਾਂ ਨੂੰ ਜਾਣਕਾਰੀ ਦਿੱਤੀ ਕੀ ਸਮਾਜ ‘ਚ ਕੋਰੋਨਾ ਮਰੀਜ਼ਾਂ ਨਾਲ ਕੋਈ ਭੇਦਭਾਵ ਨਾ ਹੋਵੇ।

    ਇਸ ਬਾਰੇ ਸਾਰੇ ਜ਼ਿਲ੍ਹਾ ਉਪਯੁਕਤਾਂ ਨੂੰ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਬੈਠਕ ‘ਚ ਸੂਬੇ ਦੇ ਵਪਾਰੀਆਂ ਨੂੰ ਵੀਕੇਂਡ ਲੌਕਡਾਊਨ ‘ਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਰੀਵਿਊ ਬੈਠਕ ‘ਚ ਰਾਜ ਦੇ ਵਪਾਰੀਆਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਤੋਂ ਰਾਹਤ ਦਿੱਤੀ ਜਾਵੇਗੀ ਜਦਕਿ ਮਹਾਮਾਰੀ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ।ਜ਼ਿਕਰਯੋਗ ਹੈ ਕਿ ਵੀਕੇਂਡ ਲੌਕਡਾਊਨ ਦਾ ਸਭ ਤੋਂ ਜ਼ਿਆਦਾ ਵਿਰੋਧ ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਜ਼ਿਲ੍ਹਾ ‘ਚ ਹੋ ਰਿਹਾ ਹੈ। ਇੱਥੋਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਜਦੋਂ ਚੰਡੀਗੜ੍ਹ ‘ਚ ਹੁਣ ਕਿਸੇ ਵੀ ਤਰ੍ਹਾਂ ਦਾ ਲੌਕਡਾਊਨ ਨਹੀਂ ਹੈ ਤਾਂ ਉਨ੍ਹਾਂ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇੱਥੋਂ ਦੀ ਵਪਾਰੀ ਵੀਕੇਂਡ ‘ਚ ਵੀ ਦੁਕਾਨਾਂ ਖੋਲ੍ਹ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।

    ਕੋਵਿਡ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲਿਆਂ ਖਿਲਾਫ ਸਿਕੰਜਾ ਕਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਮਹਾਂਮਾਰੀ ਬਾਰੇ ਲੋਕਾਂ ਵਿੱਚ ਅਫਵਾਹਾਂ ਫੈਲਾਉਣ ਅਤੇ ਕੋਵਿਡ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈਬ ਚੈਨਲਾਂ ਉਤੇ ਸਖਤ ਕਾਰਵਾਈ ਕੀਤੀ ਜਾਵੇ।

    ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਵੀ ਆਖਿਆ ਕਿ ਵਿਦੇਸ਼ਾਂ ਵਿੱਚ ਸਰਗਰਮ ਭਾਰਤ ਵਿਰੋਧੀ ਤੱਤਾਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ ਅਤੇ ਅਜਿਹੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਜਾਣ, ਭਾਵੇਂ ਉਹ ਕਿਸੇ ਵੀ ਕੋਨੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਅਤੇ ਵੈਬ ਚੈਨਲਾਂ ਤੇ ਗੁੰਮਰਾਹਕੁੰਨ ਪ੍ਰਚਾਰ ਤੇ ਅਫਵਾਹਾਂ ਫੈਲਾ ਰਹੇ ਹੋਣ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਤੱਤਾਂ ‘ਤੇ ਭਾਰਤ ਵਿੱਚ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾਵੇ।ਇਹ ਹਦਾਇਤਾਂ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਅਫਵਾਹ ਫੈਲਾਉਣ ਵਾਲੇ ਅਜਿਹੇ ਤੱਤਾਂ ਖਿਲਾਫ ਮਾਮਲੇ ਦਰਜ ਕਰਨ ਦੀ ਮੁਹਿੰਮ ਦੌਰਾਨ ਜਾਰੀਆਂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ ਦੀ ਸਮੀਖਿਆ ਬਾਰੇ ਹੋਈ ਵਰਚੁਅਲ ਮੀਟਿੰਗ ਵਿੱਚ ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੇ ਅੰਦਰ (27 ਅਗਸਤ ਤੋਂ 7 ਸਤੰਬਰ ਤੱਕ) ਅਫਵਾਹਾਂ ਫੈਲਾਉਣ ਵਾਲਿਆਂ, ਗੁੰਮਰਾਹਕੁੰਨ ਵੀਡਿਓਜ਼ ਰਾਹੀਂ ਕੋਵਿਡ ਖਿਲਾਫ ਵਿੱਢੀ ਜੰਗ ਵਿੱਚ ਅੜਿੱਕੇ ਢਾਹੁਣ ਅਤੇ ਲੋਕਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਹੀ ਤਰੀਕੇ ਨਾਲ ਇਲਾਜ ਕਰਵਾਉਣ ਦੇ ਰਾਹ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਖਿਲਾਫ 8 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿੱਚੋਂ ਇਕ ਕੇਸ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਵੀ ਦਰਜ ਕੀਤਾ ਗਿਆ ਹੈ।

    ਇਸ ਤੋਂ ਇਲਾਵਾ ਪਟਿਆਲਾ, ਫਿਰੋਜ਼ਪੁਰ, ਮਾਨਸਾ, ਐਸ.ਏ.ਐਸ. ਨਗਰ, ਲੁਧਿਆਣਾ ਦਿਹਾਤੀ, ਲੁਧਿਆਣਾ, ਜਲੰਧਰ ਤੇ ਮੋਗਾ ਵਿਖੇ ਕੇਸ ਦਰਜ ਕੀਤੇ ਗਏ ਹਨ। ਡੀ.ਜੀ.ਪੀ. ਨੇ ਆਖਿਆ ਕਿ ਸਰਕਾਰ ਵੱਲੋਂ ਪਾਰਟੀਆਂ ਕਰਨ ਉਤੇ ਲਗਾਈ ਪਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਲੁਧਿਆਣਾ ਤੇ ਫਗਵਾੜਾ (ਕਪੂਰਥਲਾ) ਵਿਖੇ ਅਪਾਰਧਿਕ ਕੇਸ ਦਰਜ ਕੀਤੇ ਗਏ ਹਨ। ਹੁਣ ਤੱਕ 54 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮੂਨ ਵਾਕ ਰਿਜ਼ੋਰਟ ਦਾ ਮਾਲਕ ਵੀ ਸ਼ਾਮਲ ਹੈ ਜੋ ਲੁਧਿਆਣਾ ਵਿਖੇ ਪੂਲ ਪਾਰਟੀ ਦਾ ਪ੍ਰਬੰਧ ਕਰ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਬਸੰਤ ਰੈਸਟੋਰੈਂਟ ਫਗਵਾੜਾ ਦੇ ਮਾਲਕ ਸਣੇ ਫਗਵਾੜਾ ਵਿੱਚ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।