ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਫਿਰ ਕੋਰੋਨਾ ਬਲਾਸਟ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇਟਲੀ ਤੋਂ ਦੋ ਚਾਰਟਰਡ ਉਡਾਣਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਲੈਂਡ ਹੋਈਆਂ। ਇਨ੍ਹਾਂ ਫਲਾਈਟਾਂ ‘ਚ ਸਵਾਰ 173 ਯਾਤਰੀਆਂ ਦੀ ਟੈਸਟ ਰਿਪੋਰਟ ‘ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ 103 ਯਾਤਰੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਦਿਨ ਪਹਿਲਾਂ ਵੀ ਇਟਲੀ ਤੋਂ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ 125 ਯਾਤਰੀ ਕੋਰੋਨਾ ਸੰਕਰਮਿਤ ਪਾਏ ਗਏ ਸਨ।
ਦਰਅਸਲ ਸ਼ੁੱਕਰਵਾਰ ਸਵੇਰੇ ਇਟਲੀ ਤੋਂ ਦੋ ਅੰਤਰਰਾਸ਼ਟਰੀ ਚਾਰਟਰਡ ਫਲਾਈਟਾਂ ਅੰਮ੍ਰਿਤਸਰ ਏਅਰਪੋਰਟ ਪਹੁੰਚੀਆਂ ਸਨ। ਦੋਵਾਂ ਫਲਾਈਟਾਂ ‘ਚ ਕਰੀਬ 276 ਯਾਤਰੀ ਸਵਾਰ ਸਨ। ਇਨ੍ਹਾਂ ਸਾਰਿਆਂ ਦੀ ਏਅਰਪੋਰਟ ‘ਤੇ ਰੈਪਿਡ ਐਂਟੀਜੇਨ ਦੀ ਜਾਂਚ ਕੀਤੀ ਗਈ, ਜਿਸ ਵਿਚ 173 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਦਕਿ 103 ਯਾਤਰੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਫਿਲਹਾਲ ਸਾਰੇ ਇਨਫੈਕਟਿਡਾਂ ਨੂੰ ਅੰਮ੍ਰਿਤਸਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਬਿਨਾਂ ਜਾਂਚ ਕੀਤੇ ਕਿਸੇ ਨੂੰ ਵੀ ਬਾਹਰ ਨਹੀਂ ਛੱਡਿਆ ਗਿਆ।