ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ, ਜਨਵਰੀ 2025 ਤੋਂ ਹੁਣ ਤੱਕ 11 ਸੂਬਿਆਂ ਵਿੱਚ ਕੋਰੋਨਾ ਕਾਰਨ 65 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 58 ਮੌਤਾਂ ਪਿਛਲੇ 10 ਦਿਨਾਂ ਵਿੱਚ ਹੋਈਆਂ ਹਨ। ਇੱਕ ਹਫ਼ਤੇ ਤੋਂ ਔਸਤਨ ਹਰ ਰੋਜ਼ 5-6 ਲੋਕ ਮਰ ਰਹੇ ਹਨ। ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6133 ਤੱਕ ਪਹੁੰਚ ਗਈ ਹੈ। ਕੇਰਲ ਵਿੱਚ ਸਭ ਤੋਂ ਵੱਧ 1950 ਮਾਮਲੇ ਹਨ। ਇਸ ਤੋਂ ਬਾਅਦ, ਗੁਜਰਾਤ ਵਿੱਚ 822, ਪੱਛਮੀ ਬੰਗਾਲ ਵਿੱਚ 693 ਅਤੇ ਦਿੱਲੀ ਵਿੱਚ 686 ਸਰਗਰਮ ਮਾਮਲੇ ਹਨ। ਹਰ ਰੋਜ਼ ਲਗਭਗ 400 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰਤ ਸੂਤਰ ਦੇ ਅਨੁਸਾਰ, ਕੇਂਦਰ ਸਰਕਾਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਤਿਆਰੀ ਲਈ ਮੌਕ ਡ੍ਰਿਲ ਕਰ ਰਹੀ ਹੈ। ਸਾਰੇ ਸੂਬਿਆਂ ਨੂੰ ਆਕਸੀਜਨ, ਆਈਸੋਲੇਸ਼ਨ ਬੈੱਡ, ਵੈਂਟੀਲੇਟਰਾਂ ਅਤੇ ਜ਼ਰੂਰੀ ਦਵਾਈਆਂ ਲਈ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।