ਨਵੀਂ ਦਿੱਲੀ— ਕੋਰੋਨਾ ਦੇ ਕਹਿਰ ਕਾਰਨ ਦੇਸ਼ ਵਿਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਰੋਨਾ ਕਾਰਨ ਮਹਾਰਾਸ਼ਟਰ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੁੱਲ ਮਿਲਾ ਕੇ ਹੁਣ ਤੱਕ 12,361 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜੋ ਕਿ ਦੇਸ਼ ‘ਚ ਕੋਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦਾ 58.51 ਫੀਸਦੀ ਹੈ। ਕੋਰੋਨਾ ਨਾਲ ਜਿੱਥੇ ਮਹਾਰਾਸ਼ਟਰ ਵਿਚ 9,148 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਸ ਮਹਾਮਾਰੀ ਨੇ 3,213 ਲੋਕਾਂ ਦੀ ਜਾਨ ਲਈ ਹੈ। ਹਾਲਾਂਕਿ ਦਿੱਲੀ ਪੀੜਤ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿਚ ਤਾਮਿਲਨਾਡੂ ਤੋਂ ਬਾਅਦ ਤੀਜੇ ਨੰਬਰ ‘ਤੇ ਹੈ।
ਜਾਣੋ ਸੂਬਿਆਂ ਦਾ ਹਾਲ—
—ਮਹਾਰਾਸ਼ਟਰ ਸੂਬਾ ਦੇਸ਼ ‘ਚ ਕੋਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਇੱਥੇ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 2,23,724 ਹਨ ਅਤੇ 9,448 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਵਿਚ ਕੋਰੋਨਾ ਦੇ ਕੁੱਲ ਮਾਮਲੇ 1,04,864 ਹਨ। ਅੱਜ ਕੋਰੋਨਾ ਦੇ 2,033 ਨਵੇਂ ਕੇਸ ਦਰਜ ਕੀਤੇ ਗਏ ਹਨ। ਰਾਜਧਾਨੀ ਦਿੱਲੀ ਵਿਚ 3,213 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਤੀਜੇ ਨੰਬਰ ‘ਤੇ ਹੈ, ਜਿੱਥੇ ਮੌਤਾਂ ਦਾ ਅੰਕੜਾ ਮਹਾਰਾਸ਼ਟਰ ਅਤੇ ਦਿੱਲੀ ਨਾਲੋਂ ਬਹੁਤ ਘੱਟ ਹੈ। ਤਾਮਿਲਨਾਡੂ ਵਿਚ ਮੌਤਾਂ ਦੀ ਗਿਣਤੀ 1700 ਹੈ ਪਰ ਦਿੱਲੀ ਨਾਲੋਂ ਇੱਥੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਧੇਰੇ ਹੈ। ਤਾਮਿਲਨਾਡੂ ਵਿਚ 1,22,350 ਕੋਰੋਨਾ ਦੇ ਮਾਮਲੇ ਹਨ।
ਦੱਸ ਦੇਈਏ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ‘ਚ ਵਾਇਰਸ ਦੇ ਸਭ ਤੋਂ ਵਧੇਰੇ 24,879 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 487 ਮਰੀਜ਼ਾਂ ਦੀ ਮੌਤ ਹੋਈ ਹੈ। ਪੀੜਤਾਂ ਦੀ ਗਿਣਤੀ 7,67,296 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 2,69,789 ਸਰਗਰਮ ਮਾਮਲੇ ਹਨ।