ਨਵੀਂ ਦਿੱਲੀ : ਕੋਰੋਨਾ ਵਿਰੁੱਧ ਲੜਾਈ ਦੌਰਾਨ ਦੇਸ਼ ਭਰ ਵਿੱਚ ਟੀਕਾਕਰਨ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਪਰ ਇਸ ਦੌਰਾਨ ਮਹਾਰਾਸ਼ਟਰ ਦੇ ਕਲਵਾ ਵਿੱਚ ਸਥਿਤ ਸਿਹਤ ਕੇਂਦਰ ਤੋਂ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਟਕੋਨੇਸ਼ਵਰ ਸਿਹਤ ਕੇਂਦਰ ਵਿੱਚ ਕੋਰੋਨਾ ਵੈਕਸੀਨ ਲਵਾਉਣ ਆਏ ਵਿਅਕਤੀ ਨੂੰ ਐਂਟੀ ਰੈਬੀਜ਼ ਇੰਜੈਕਸ਼ਨ (ਕੁੱਤੇ ਦੇ ਵੱਢਣ ’ਤੇ ਲੱਗਣ ਵਾਲਾ ਟੀਕਾ) ਲਗਾ ਦਿੱਤਾ ਗਿਆ।

    ਜਾਣਕਾਰੀ ਮੁਤਾਬਕ ਰਾਜਕੁਮਾਰ ਯਾਦਵ ਅਟਕੋਨੇਸ਼ਵਰ ਸਿਹਤ ਕੇਂਦਰ ਵਿੱਚ ਕੋਰੋਨਾ ਦੀ ਵੈਕਸੀਨ ਲਵਾਉਣ ਗਿਆ ਸੀ। ਉਸ ਨੂੰ ਕੋਵੀਸ਼ੀਲਡ ਲਗਾਈ ਜਾਣੀ ਸੀ ਪਰ ਰਾਜਕੁਮਾਰ ਗਲਤੀ ਨਾਲ ਉਸ ਲਾਈਨ ਵਿਚ ਖੜ੍ਹਾ ਹੋ ਗਿਆ, ਜਿੱਥੇ ਐਂਟੀ ਰੈਬੀਜ਼ ਟੀਕਾ ਲਗਾਇਆ ਜਾ ਰਿਹਾ ਸੀ। ਜਦੋਂ ਉਸਦੀ ਵਾਰੀ ਆਈ ਤਾਂ ਉੱਥੇ ਮੌਜੂਦ ਨਰਸ ਨੇ ਬਿਨਾਂ ਕਾਗਜ਼ ਦੇਖੇ ਹੀ ਉਸ ਨੂੰ ਐਂਟੀ ਰੈਬੀਜ਼ ਟੀਕਾ ਲਗਾ ਦਿੱਤਾ।

    ਜਦੋਂ ਮਾਮਲਾ ਸਾਹਮਣੇ ਆਇਆ ਤਾਂ ਜ਼ਿਲਾ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੇ ਕਾਗਜ਼ਾਂ ਦੀ ਜਾਂਚ ਕਰਨਾ ਨਰਸ ਦੀ ਜ਼ਿੰਮੇਵਾਰੀ ਹੈ। ਨਰਸ ਦੀ ਲਾਪਰਵਾਹੀ ਕਾਰਨ ਵਿਅਕਤੀ ਦੀ ਜਾਨ ਨੂੰ ਖਤਰਾ ਸੀ। ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕੋਵਿਡ ਟੀਕਾਕਰਣ ਦੌਰਾਨ ਅਜਿਹੀ ਲਾਪਰਵਾਹੀ ਸਾਹਮਣੇ ਆਈ ਹੋਵੇ। ਇਸ ਸਾਲ ਅਪ੍ਰੈਲ ਵਿੱਚ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਕੋਰੋਨਾ ਟੀਕਾਕਰਣ ਦੇ ਦੌਰਾਨ, ਤਿੰਨ ਔਰਤਾਂ ਨੂੰ ਕੋਰੋਨਾ ਦੀ ਬਜਾਏ ਐਂਟੀ ਰੈਬੀਜ਼ ਦਾ ਟੀਕਾ ਲਗਾਇਆ ਗਿਆ ਸੀ। ਇਨ੍ਹਾਂ ਵਿੱਚੋਂ 70 ਸਾਲਾ ਔਰਤ ਦੀ ਸਿਹਤ ਵਿਗੜਨ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ।