ਇੰਟਰਨੈੱਟ ‘ਤੇ ਸਾਹਮਣੇ ਆਏ ਇਕ ਵੀਡੀਓ ਨੇ ਲੋਕਾਂ ਨੂੰ ਇੱਕ ਵਾਰ ਫਿਰ ਡਰਾ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਧਰਮਾਵਰਮ ਵਿੱਚ ਗਣੇਸ਼ ਚਤੁਰਥੀ ਦੇ ਜਸ਼ਨ ਦੌਰਾਨ ਨੱਚਦੇ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਮੌਤ ਦਾ ਕਾਰਨ ਮੰਡਪ ਵਿੱਚ ਨੱਚਦੇ ਸਮੇਂ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ।
ਨੌਜਵਾਨ ਦੀ ਪਛਾਣ 26 ਸਾਲਾ ਪ੍ਰਸਾਦ ਵਜੋਂ ਹੋਈ ਹੈ। ਘਟਨਾ ਬੁੱਧਵਾਰ ਰਾਤ ਦੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ‘ਤੇਲੁਗੂ ਸਕ੍ਰਾਈਬ’ ਹੈਂਡਲ ਨਾਲ ਸਾਂਝਾ ਕੀਤਾ ਗਿਆ ਸੀ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ ਅਤੇ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ।
ਵੀਡੀਓ ‘ਚ ਵਿਅਕਤੀ ਨੂੰ ਖੁਸ਼ੀ ਨਾਲ ਨੱਚਦੇ ਹੋਏ ਸਾਫ ਦੇਖਿਆ ਜਾ ਸਕਦਾ ਹੈ। ਫਿਰ ਅਚਾਨਕ ਨੌਜਵਾਨ ਨੱਚਦੇ ਹੋਏ ਲੜਖੜਾਉਂਦਾ ਹੈ ਅਤੇ ਪਿਛਲੇ ਪਾਸੇ ਜਿੱਥੇ ਲੋਕ ਬੈਠੇ ਸਨ, ਫਰਸ਼ ‘ਤੇ ਡਿੱਗ ਜਾਂਦਾ ਹੈ। ਬਹੁਤ ਸਾਰੇ ਲੋਕ ਉਸ ਦੇ ਆਲੇ-ਦੁਆਲੇ ਇਹ ਦੇਖਣ ਲਈ ਇਕੱਠੇ ਹੋ ਜਾਂਦੇ ਹਨ ਕਿ ਉਹ ਠੀਕ ਹੈ ਜਾਂ ਨਹੀਂ। ਰਿਪੋਰਟਾਂ ਮੁਤਾਬਕ ਪ੍ਰਸਾਦ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਵੀਡੀਓ ਦੇਖ ਰਹੇ ਲੋਕਾਂ ਨੇ ਇਸ ਦੇ ਕਾਰਨ ਬਾਰੇ ਆਪਣੇ-ਆਪਣੇ ਅੰਦਾਜ਼ੇ ਨਾਲ ਟਿੱਪਣੀ ਕੀਤੀ ਹੈ, ਜਿਸ ‘ਚ ਕੁਝ ਨੇ ਇਸ ਨੂੰ ਡੀਜੇ ਦੇ ਸੰਗੀਤ ਦਾ ਅਸਰ ਹੈ ਅਤੇ ਕੁਝ ਨੇ ਕੋਵਿਡ ਵੈਕਸੀਨ ਦਾ ਅਸਰ ਦੱਸਿਆ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਜਨਤਕ ਥਾਵਾਂ ‘ਤੇ ਉੱਚੀ ਡੀਜੇ ਦੀ ਆਵਾਜ਼ ਬੰਦ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਵੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਗਾਜ਼ੀਆਬਾਦ ਵਿੱਚ ਇੱਕ ਜਿਮ ਵਿੱਚ ਟ੍ਰੇਡਮਿਲ ‘ਤੇ ਦੌੜਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਸਰਸਵਤੀ ਵਿਹਾਰ ਵਿੱਚ ਵਾਪਰੀ ਮੰਦਭਾਗੀ ਘਟਨਾ ਦੀ ਸੀਸੀਟੀਵੀ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ, ਜਿਸ ਨੇ ਅਜਿਹੇ ਉੱਚ-ਤੀਬਰਤਾ ਵਾਲੇ ਵਰਕਆਉਟ ਦੌਰਾਨ ਸੁਰੱਖਿਆ ਦੀ ਮਹੱਤਤਾ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ। ਮ੍ਰਿਤਕ ਦੀ ਪਛਾਣ ਸਿਧਾਰਥ ਕੁਮਾਰ ਸਿੰਘ ਵਜੋਂ ਹੋਈ ਸੀ।